ਨਵੀਂ ਦਿੱਲੀ (ਜੇਐੱਨਐੱਨ) : ਭਾਰਤ 'ਚ ਖੇਡ ਤੇ ਖਿਡਾਰੀਆਂ ਨੂੰ ਡੋਪਿੰਗ ਤੋਂ ਬਚਾਉਣ ਲਈ ਕੰਮ ਕਰ ਰਹੀ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਭਾਰਤ ਸਰਕਾਰ ਦੇ ਖੇਡ ਕੁਦ ਤੇ ਨੌਜਵਾਨ ਕਲਿਆਣ ਵਿਭਾਗ ਦੇ ਸਹਿਯੋਗ ਨਾਲ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ਼ ਇੰਡੀਆ (ਪੇਫੀ) ਨਾਲ ਮਿਲ ਕੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਇੱਥੇ 30 ਜਨਵਰੀ ਤੋਂ ਆਯੋਜਨ ਕਰੇਗੀ।

ਇਸ ਕਾਨਫਰੰਸ 'ਚ ਦੇਸ਼ ਦੇ ਸੂਬਿਆਂ ਤੋਂ ਲਗਪਗ 1000 ਖਿਡਾਰੀ, ਟ੍ਰੇਨਰ , ਸਕੂਲਾਂ ਤੇ ਕਾਲਜਾਂ 'ਚ ਕੰਮ ਕਰਦੇ ਸਰੀਰਕ ਅਧਿਆਪਕ, ਖੇਤ ਮੈਗਜ਼ੀਨ ਦੇ ਪੱਤਰਕਾਰਾਂ ਸਮੇਤ ਖੇਡਾਂ ਨਾਲ ਜੁੜੇ ਲੋਕ ਸ਼ਾਮਲ ਰਹਿਣਗੇ। ਨਾਡਾ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਬੁੱਧਵਾਰ ਨੂੰ ਕਾਨਫਰੰਸ ਦੇ ਬ੍ਰੋਸ਼ਰ ਨੂੰ ਰਿਲੀਜ਼ ਕਰਦੇ ਹੋਏ ਕਿਹਾ ਕਿ ਖੇਡਾਂ 'ਚ ਵੱਧਦੇ ਹੋਏ ਪਾਬੰਦੀਸ਼ੁਦਾ ਦਵਾਈਆਂ ਦੇ ਸੇਵਨ ਖ਼ਿਲਾਫ਼ ਇਹ ਸੈਮੀਨਾਰ ਖਿਡਾਰੀ ਤੇ ਸਿਖਲਾਈ ਦੇਣ ਵਾਲਿਆਂ ਨੂੰ ਜਾਗਰੂਕ ਕਰੇਗੀ। ਅਣਜਾਣੇ 'ਚ ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਲੈਣ ਨਾਲ ਨਾ ਸਿਰਫ ਉਨ੍ਹਾਂ ਦੇ ਕਰੀਅਰ 'ਤੇ ਪ੍ਰਭਾਵ ਪੈਂਦਾ ਹੈ ਨਾਲ ਹੀ ਨਾਲ ਉਨ੍ਹਾਂ ਦੀ ਸਿਹਤ 'ਤੇ ਵੀ ਡੂੰਘਾ ਅਸਰ ਪੈਂਦਾ ਹੈ। ਇਸ ਮੌਕੇ ਪੇਫੀ ਦੇ ਸਕੱਤਰ ਡਾ. ਪੀਯੂਸ਼ ਜੈਨ ਨੇ ਕਿਹਾ ਕਿ ਵਿਸ਼ਵ ਖੇਡ ਜਗਤ 'ਚ ਵੱਧਦੇ ਮੁਕਾਬਲੇ ਤੇ ਮੈਡਲ ਜਿੱਤਣ ਦੇ ਜਨੂੰਨ 'ਚ ਖਿਡਾਰੀ ਡੋਪਿੰਗ ਜ਼ਰੀਏ ਆਪਣਾ ਸਰੀਰਕ ਦਮਖਮ ਵਧਾਉਂਦੇ ਹਨ ਤੇ ਫੜੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਕਈ ਵਾਰ ਖਿਡਾਰੀ ਬਿਮਾਰੀ ਦੌਰਾਨ ਜਾਣਕਾਰੀ ਦੀ ਕਮੀ 'ਚ ਕੁਝ ਪਾਬੰਦੀਸ਼ੁਦਾ ਦਵਾਈਆਂ ਲੈ ਲੈਂਦਾ ਹੈ ਤੇ ਡੋਪਿੰਗ 'ਚ ਫਸ ਜਾਂਦਾ ਹੈ।