ਬੈਂਗਲੁਰੂ (ਆਈਏਐੱਨਐੱਸ) : ਸਾਬਕਾ ਭਾਰਤੀ ਕਪਤਾਨ ਤੇ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਦਾ ਇੱਕੋ-ਇਕ ਟੈਸਟ ਸੈਂਕੜਾ ਉਨ੍ਹਾਂ ਲਈ ਬਹੁਤ ਹੀ ਖ਼ਾਸ ਸੀ। ਭਾਰਤ ਲਈ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਕੁੰਬਲੇ ਦੇ ਨਾਂ ਇਕ ਟੈਸਟ ਸੈਂਕੜਾ ਵੀ ਦਰਜ ਹੈ ਜੋ ਕਿ ਉਨ੍ਹਾਂ ਨੇ 2007 ਵਿਚ ਓਵਲ ਵਿਚ ਇੰਗਲੈਂਡ ਖ਼ਿਲਾਫ਼ ਬਣਾਇਆ ਸੀ। ਕੁੰਬਲੇ ਨੇ ਕਿਹਾ ਕਿ ਯਕੀਨੀ ਤੌਰ 'ਤੇ ਸੈਂਕੜਾ ਬਹੁਤ ਖ਼ਾਸ ਸੀ ਕਿਉਂਕਿ ਮੈਂ ਇਸ ਦੀ ਕੋਸ਼ਿਸ਼ ਕੀਤੀ ਸੀ। ਮੈਂ ਪਹਿਲੇ ਮੈਚ ਤੋਂ ਹੀ ਕੋਸ਼ਿਸ਼ ਕੀਤੀ ਸੀ ਤੇ ਇਹ ਮੈਨੂੰ 117ਵੇਂ ਟੈਸਟ 'ਚ ਜਾ ਕੇ ਹਾਸਲ ਹੋਇਆ। ਇਹ ਸ਼ਾਇਦ ਮੇਰੇ ਲਈ ਇਕ ਅੰਦਾਜ਼ਾ ਸੀ। ਅੰਦਾਜ਼ਾ ਇਹੀ ਸੀ ਕਿ ਗੇਂਦਬਾਜ਼ ਕੀ ਕਰੇਗਾ ਤੇ ਫਿਰ 117ਵੇਂ ਟੈਸਟ ਮੈਚ ਵਿਚ ਸਾਰੇ ਅੰਦਾਜ਼ੇ ਸਹੀ ਨਿਕਲੇ। ਜੇ ਤੁਸੀਂ ਡਰੈਸਿੰਗ ਰੂਮ ਨੂੰ ਦੇਖੋ ਤਾਂ ਮੇਰੇ ਤੋਂ ਜ਼ਿਆਦਾ ਮੇਰੇ ਟੀਮ ਸਾਥੀ ਖ਼ੁਸ਼ ਸਨ। ਮੈਨੂੰ ਲਗਦਾ ਹੈ ਕਿ ਲਕਸ਼ਮਣ ਮੇਰੇ ਸੈਂਕੜੇ ਦਾ ਜਸ਼ਨ ਮਨਾਉਣ ਸਮੇਂ ਡਿੱਗ ਗਏ ਸਨ। ਮੈਂ ਜਾਣਦਾ ਸੀ ਕਿ ਦੂਜੇ ਪਾਸੇ ਮੇਰੇ ਨਾਲ ਆਖ਼ਰੀ ਖਿਡਾਰੀ ਖੜ੍ਹਾ ਸੀ। ਸ੍ਰੀਸੰਥ ਆਖ਼ਰੀ ਖਿਡਾਰੀ ਵਜੋਂ ਖੜ੍ਹੇ ਸਨ। ਮੈਂ ਉਨ੍ਹਾਂ ਨਾਲ ਲਗਭਗ 30 ਦੌੜਾਂ ਬਣਾਈਆਂ।

ਸ੍ਰੀਸੰਥ ਨੂੰ ਸਟ੍ਰਾਈਕ ਨਾ ਦੇਣ ਦੀ ਸੀ ਯੋਜਨਾ

ਮੈਨੂੰ ਪਤਾ ਸੀ ਕਿ ਇੰਗਲੈਂਡ ਦੀ ਟੀਮ ਨੇ ਤੀਜੀ ਜਾਂ ਚੌਥੀ ਨਵੀਂ ਗੇਂਦ ਲਈ ਹੈ, ਮੈਨੂੰ ਪੂਰਾ ਯਾਦ ਨਹੀਂ ਹੈ। ਇਸ ਲਈ ਮੈਨੂੰ ਪਤਾ ਸੀ ਕਿ ਮੈਂ ਦੌੜਾਂ ਬਣਾਉਣੀਆਂ ਹਨ ਤੇ ਸ਼੍ਰੀਸੰਥ ਨੂੰ ਸਟ੍ਰਾਈਕ ਨਹੀਂ ਦੇਣੀ ਹੈ ਪਰ ਉਹ ਸੈਂਕੜਾ ਬਣਾਉਣ ਦਾ ਤਜਰਬਾ ਵੱਖ ਹੀ ਸੀ।