ਆਬੂ ਧਾਬੀ (ਜੇਐੱਨਐੱਨ) : ਪਾਕਿਸਤਾਨ ਦੇ ਸਾਬਕਾ ਦਿੱਗਜ ਲੈੱਗ ਸਪਿੰਨਰ ਮੁਸ਼ਤਾਕ ਅਹਿਮਦ ਚਾਹੁੰਦੇ ਹਨ ਕਿ ਕਰਤਾਰਪੁਰ ਕਾਰੀਡੋਰ ਵਾਂਗ ਭਾਰਤ-ਪਾਕਿ ਦੁਵੱਲੀ ਕ੍ਰਿਕਟ ਦਾ ਵੀ ਰਾਹ ਖੁੱਲ੍ਹੇ। ਟੀ-10 ਲੀਗ ਵਿਚ ਡੈੱਕਨ ਗਲੈਡੀਏਟਰਜ਼ ਦੇ ਕੋਚ ਮੁਸ਼ਤਾਕ ਨੇ ਖ਼ਾਸ ਗੱਲਬਾਤ ਵਿਚ ਕਿਹਾ ਕਿ ਜਿਸ ਤਰ੍ਹਾਂ ਕਰਤਾਰਪੁਰ ਕਾਰੀਡੋਰ ਖੁੱਲ੍ਹ ਗਿਆ ਹੈ ਉਸੇ ਤਰ੍ਹਾਂ ਭਾਰਤ-ਪਾਕਿ ਵਿਚਾਲੇ ਦੁਵੱਲੀ ਕ੍ਰਿਕਟ ਵੀ ਬਹਾਲ ਹੋਣੀ ਚਾਹੀਦੀ ਹੈ। ਇਸ ਨਾਲ ਦੋਵਾਂ ਮੁਲਕਾਂ ਨੂੰ ਫ਼ਾਇਦਾ ਹੈ। ਕਰਤਾਰਪੁਰ ਕਾਰੀਡੋਰ ਖੁੱਲ੍ਹਣਾ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਲਈ ਬਹੁਤ ਚੰਗਾ ਤੇ ਸਕਾਰਾਤਮਕ ਸੰਕੇਤ ਹੈ। ਇਸ ਤਰ੍ਹਾਂ ਦੀ ਪਹਿਲ ਨਾਲ ਚੀਜ਼ਾਂ ਖੁੱਲ੍ਹਣਗੀਆਂ। ਮੁਸ਼ਤਾਕ ਮੰਨਦੇ ਹਨ ਕਿ ਭਾਰਤ-ਪਾਕਿ ਦੇ ਰਿਸ਼ਤਿਆਂ ਨੂੰ ਆਮ ਕਰਨ ਵਿਚ ਕ੍ਰਿਕਟ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲਾਂ ਵੀ ਦੇਖਿਆ ਗਿਆ ਹੈ ਕਿ ਜਦ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਚੰਗੇ ਨਹੀਂ ਹੁੰਦੇ ਤੇ ਸਰਕਾਰਾਂ ਸਖ਼ਤ ਵਤੀਰਾ ਅਪਣਾਉਂਦੀਆਂ ਹਨ ਤਾਂ ਕ੍ਰਿਕਟ ਹੀ ਉਨ੍ਹਾਂ ਨੂੰ ਇੱਕਠਾ ਕਰਦਾ ਹੈ। ਇਹ ਖੇਡ ਪਿਆਰ ਤੇ ਖੁਸ਼ੀ ਲੈ ਕੇ ਆਉਂਦੀ ਹੈ ਇਸ ਲਈ ਦੋਵਾਂ ਮੁਲਕਾਂ ਲਈ ਜ਼ਰੂਰੀ ਹੈ ਕਿ ਉਹ ਇਕ ਦੂਜੇ ਨਾਲ ਖੇਡਣ। ਭਾਰਤ-ਪਾਕਿ ਦੇ ਮੁਕਾਬਲੇ ਬਹੁਤ ਸ਼ਾਨਦਾਰ ਹੁੰਦੇ ਹਨ। ਇਹ ਐਸ਼ੇਜ਼ ਤੋਂ ਵੀ ਵਧ ਕੇ ਹੁੰਦੇ ਹਨ। ਦੋਵਾਂ ਮੁਲਕਾਂ ਦੇ ਲੋਕ ਵੀ ਆਪਣੇ ਨਾਇਕਾਂ ਨੂੰ ਇਕ ਦੂਜੇ ਖ਼ਿਲਾਫ਼ ਖੇਡਦੇ ਦੇਖਣਾ ਚਾਹੁੰਦੇ ਹਨ। ਜਦ ਅਸੀਂ ਆਪਸ ਵਿਚ ਕ੍ਰਿਕਟ ਖੇਡਾਂਗੇ ਤਾਂ ਚੀਜ਼ਾਂ ਸੌਖੀਆਂ ਹੋਣ ਲੱਗਣਗੀਆਂ। ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਇਕ ਪਲੇਟਫਾਰਮ 'ਤੇ ਆ ਕੇ ਆਪਣੀ ਸਥਿਤੀ ਸਹਿਜ ਕਰਨ ਦਾ ਚੰਗਾ ਮੌਕਾ ਮਿਲ ਜਾਵੇਗਾ। ਟੇਬਲ 'ਤੇ ਬੈਠ ਕੇ ਸਾਰੇ ਮੁੱਦਿਆਂ 'ਤੇ ਗੱਲਬਾਤ ਹੋਣੀ ਚਾਹੀਦੀ ਹੈ। ਜੋ ਵੀ ਮਸਲੇ ਹਨ ਉਹ ਗੱਲਬਾਤ ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰ ਸ਼ੁਰੂ ਹੋਵੇਗਾ, ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਗ਼ਰੀਬੀ ਦੂਰ ਹੋਵੇਗੀ। ਇਸ ਨਾਲ ਹੀ ਦੁਨੀਆ ਦਾ ਇਹ ਹਿੱਸਾ ਵੀ ਮਜ਼ਬੂਤ ਹੋਵੇਗਾ ਜਿਸ ਵਿਚ ਇਹ ਦੋਵੇਂ ਦੇਸ਼ ਮੌਜੂਦ ਹਨ।

ਵਿਰਾਟ ਦੀ ਬੱਲੇਬਾਜ਼ੀ ਸ਼ਾਨਦਾਰ :

49 ਸਾਲ ਦੇ ਮੁਸ਼ਤਾਕ ਨੇ ਕਿਹਾ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਸ਼ਾਨਦਾਰ ਹੈ, ਜਿਸ ਨੂੰ ਦੇਖਣ ਵਿਚ ਕਾਫੀ ਮਜ਼ਾ ਆਉਂਦਾ ਹੈ। ਵਿਰਾਟ ਦੇ ਅੰਕੜੇ ਉਨ੍ਹਾਂ ਲਈ ਬੋਲਦੇ ਹਨ। ਵਿਰਾਟ ਤੇ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਦੀ ਹੋ ਰਹੀ ਤੁਲਨਾ 'ਤੇ ਮੁਸ਼ਤਾਕ ਨੇ ਕਿਹਾ ਦੋਵੇਂ ਜ਼ਬਰਦਸਤ ਖਿਡਾਰੀ ਹਨ ਤੇ ਇਸ ਸਮੇਂ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿਚ ਸ਼ਾਮਲ ਹਨ। ਉਹ ਨੌਜਵਾਨਾਂ ਲਈ ਰੋਲ ਮਾਡਲ ਹਨ।

ਨਵੇਂ ਦੌਰ ਵੱਲ ਪਾਕਿ ਕ੍ਰਿਕਟ :

ਟੈਸਟ ਵਿਚ 185 ਤੇ ਵਨ ਡੇ ਵਿਚ 161 ਵਿਕਟਾਂ ਲੈਣ ਵਾਲੇ ਮੁਸ਼ਤਾਕ ਨੇ ਭਾਰਤ-ਪਾਕਿ ਕ੍ਰਿਕਟ ਦੀ ਤੁਲਨਾ 'ਤੇ ਕਿਹਾ ਕਿ ਭਾਰਤੀ ਕ੍ਰਿਕਟ ਸਥਾਪਤ ਹੋ ਗਿਆ ਹੈ ਜਦਕਿ ਪਾਕਿ ਕ੍ਰਿਕਟ ਨਵੇਂ ਦੌਰ ਵੱਲ ਵਧ ਰਿਹਾ ਹੈ। ਪਾਕਿ ਕ੍ਰਿਕਟ ਬੋਰਡ ਦੀ ਮੈਨੇਜਮੈਂਟ ਵਿਚ ਤਬਦੀਲੀ ਕੀਤੀ ਗਈ ਹੈ। ਸਾਬਕਾ ਕਪਤਾਨ ਮਿਸਬਾਹ ਉਲ ਹਕ ਨੂੰ ਮੁੱਖ ਚੋਣਕਾਰ ਤੇ ਪਾਕਿ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਚੀਜ਼ਾਂ ਬਦਲਣ ਵਿਚ ਥੋੜ੍ਹਾ ਸਮਾਂ ਤਾਂ ਲੱਗੇਗਾ ਹੀ। ਪਾਕਿਸਤਾਨ ਕੋਲ ਯੋਗ ਕ੍ਰਿਕਟਰਾਂ ਦੀ ਕਮੀ ਨਹੀਂ ਹੈ, ਬਸ ਉਨ੍ਹਾਂ ਨੂੰ ਸਥਾਪਤ ਹੋਣ ਲਈ ਥੋੜ੍ਹਾ ਸਮਾਂ ਚਾਹੀਦਾ ਹੈ।

ਨਵੀਆਂ ਗੇਂਦਾਂ ਵਿਕਸਤ ਕਰਨ ਸਪਿੰਨਰ :

ਵੈਸਟਇੰਡੀਜ਼ ਟੀਮ ਦੇ ਸਪਿੰਨ ਗੇਂਦਬਾਜ਼ੀ ਕੋਚ ਮੁਸ਼ਤਾਕ ਮੰਨਦੇ ਹਨ ਕਿ ਸਪਿੰਨਰਾਂ ਨੂੰ ਨਵੀਆਂ ਗੇਂਦਾਂ ਵਿਕਸਤ ਕਰਨਦੇ ਰਹਿਣਾ ਚਾਹੀਦਾ ਹੈ ਵਰਨਾ ਉਨ੍ਹਾਂ ਦਾ ਇਕ ਸਮੇਂ ਸ੍ਰੀਲੰਕਾ ਦੇ ਰਹੱਸਮਈ ਗੇਂਦਬਾਜ਼ ਰਹੇ ਅਜੰਤਾ ਮੈਂਡਿਸ ਵਰਗਾ ਹਾਲ ਹੋ ਸਕਦਾ ਹੈ। ਮੁਸ਼ਤਾਕ ਨੇ ਕਿਹਾ ਕਿ ਸ਼ੁਰੂ ਵਿਚ ਅਜੰਤਾ ਨੂੰ ਉਨ੍ਹਾਂ ਦੀ ਨਾ ਪੜ੍ਹ ਹੋਣ ਵਾਲੀ ਗੇਂਦਬਾਜ਼ੀ ਕਾਰਨ ਕਾਫੀ ਵਿਕਟਾਂ ਮਿਲੀਆਂ ਪਰ ਜਿਵੇਂ ਹੀ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਪੜ੍ਹ ਲਿਆ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ। ਇਸ ਲਈ ਸਪਿੰਨਰਾਂ ਨੂੰ ਨਵੀਆਂ ਗੇਂਦਾਂ ਵਿਕਸਤ ਕਰਦੇ ਰਹਿਣਾ ਚਾਹੀਦਾ ਹੈ।

ਸਚਿਨ ਨੂੰ ਦਿੱਤੀ ਵਧਾਈ :

ਸਚਿਨ ਤੇਂਦੁਲਕਰ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ 30 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਮੁਸ਼ਤਾਕ ਨੇ ਕਿਹਾ ਕਿ ਸਚਿਨ ਸਿਰਫ਼ ਖਿਡਾਰੀ ਹੀ ਨਹੀਂ, ਇਨਸਾਨ ਵਜੋਂ ਵੀ ਰੋਲ ਮਾਡਲ ਹਨ। ਉਨ੍ਹਾਂ ਨੇ ਇਸ ਖੇਡ ਨੂੰ ਕਾਫੀ ਸਾਫ ਸੁਥਰੇ ਤਰੀਕੇ ਨਾਲ ਖੇਡਿਆ ਹੈ ਤੇ ਆਪਣੇ ਦੇਸ਼ ਦੀ ਬਹੁਤ ਸੇਵਾ ਕੀਤੀ ਹੈ।