ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ 59ਵੇਂ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੀਤਾ। ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਨੇ ਚੇਨਈ ਨੂੰ ਸਿਰਫ਼ 97 ਦੌੜਾਂ 'ਤੇ ਢੇਰ ਕਰ ਦਿੱਤਾ। ਟੀਮ ਨੇ 15ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ ਅਤੇ ਚੇਨਈ ਦੀਆਂ ਪਲੇਆਫ 'ਚ ਖੇਡਣ ਦੀਆਂ ਉਮੀਦਾਂ ਨੂੰ ਖ਼ਤਮ ਕਰ ਦਿੱਤਾ।

ਇਸ ਤੋਂ ਪਹਿਲਾਂ ਚੇਨਈ ਵੱਲੋਂ ਮਿਲੇ 98 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਪਹਿਲੇ ਹੀ ਓਵਰ ਵਿਚ ਮੁਕੇਸ਼ ਚੌਧਰੀ ਨੇ ਮੁੰਬਈ ਨੂੰ ਝਟਕਾ ਦਿੱਤਾ। ਇਸ਼ਾਨ ਕਿਸ਼ਨ 6 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਧੋਨੀ ਨੂੰ ਕੈਚ ਫੜਾ ਬੈਠੇ। ਸਿਮਰਨਜੀਤ ਸਿੰਘ ਨੇ ਰੋਹਿਤ ਸ਼ਰਮਾ ਨੂੰ 18 ਦੌੜਾਂ 'ਤੇ ਮੋਇਨ ਅਲੀ ਹੱਥੋਂ ਕੈਚ ਕਰਵਾ ਕੇ ਟੀਮ ਨੂੰ ਸਫਲਤਾ ਦਿਵਾਈ। ਮੁਕੇਸ਼ ਨੇ ਡੇਨੀਅਲ ਸੈਮਸ ਨੂੰ 1 ਦੌੜ 'ਤੇ ਲੱਤ ਅੜਿੱਕਾ ਆਊਟ ਕਰ ਕੇ ਵਾਪਸ ਭੇਜਿਆ, ਇਸ ਤੋਂ ਇਕ ਗੇਂਦ ਦੇ ਬਾਅਦ ਹੀ ਉਸ ਨੇ ਟਿ੍ਸਟਨ ਸਟੱਬਸ ਨੂੰ ਬਿਨਾਂ ਖਾਤਾ ਖੋਲ੍ਹੇ ਵਾਪਸ ਜਾਣ ਲਈ ਮਜਬੂਰ ਕੀਤਾ।

ਤਿਲਕ ਵਰਮਾ ਨੇ ਰਿਤਿਕ ਸ਼ੌਕੀਨ ਦੇ ਨਾਲ ਟੀਮ ਦੀ ਕਮਾਨ ਸੰਭਾਲੀ ਅਤੇ ਦੋਵਾਂ ਨੇ ਸਕੋਰ ਨੂੰ 80 ਦੌੜਾਂ ਤੱਕ ਪਹੁੰਚਾਇਆ। ਮੋਇਨ ਅਲੀ ਨੇ ਰਿਤਿਕ ਨੂੰ 18 ਦੌੜਾਂ 'ਤੇ ਕਲੀਨ ਬੋਲਡ ਕਰ ਦਿੱਤਾ। ਤਿਲਕ ਵਰਮਾ ਨੇ ਟਿਮ ਡੇਵਿਡ ਨਾਲ 34 ਦੌੜਾਂ ਬਣਾ ਕੇ ਅਜੇਤੂ ਵਾਪਸੀ ਕੀਤੀ ਅਤੇ ਟੀਮ ਨੇ ਆਪਣੀ ਤੀਜੀ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਸੀਐੱਸਕੇ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਅਤੇ ਪਿਛਲੇ ਮੈਚ ਵਿਚ ਦਿੱਲੀ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡਣ ਵਾਲੇ ਡੇਵੋਨ ਕੋਨਵੇ ਨੂੰ ਡੇਨੀਅਲ ਸੈਮਸ ਨੇ ਜ਼ੀਰੋ 'ਤੇ ਆਊਟ ਕੀਤਾ, ਜਦਕਿ ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਸੈਮਸ ਨੇ ਵੀ ਮੋਇਨ ਅਲੀ ਨੂੰ ਜ਼ੀਰੋ 'ਤੇ ਕੈਚ ਕਰਵਾ ਦਿੱਤਾ। ਰੋਬਿਨ ਉਥੱਪਾ ਇਕ ਦੌੜ ਬਣਾ ਕੇ ਬੁਮਰਾਹ ਦੇ ਹੱਥੋਂ ਲੱਤ ਅੜਿੱਕਾ ਆਊਟ ਹੋ ਗਏ। ਰਿਤੁਰਾਜ ਗਾਇਕਵਾੜ ਨੂੰ ਵੀ ਸੈਮਸ ਨੇ ਆਪਣਾ ਤੀਜਾ ਸ਼ਿਕਾਰ ਬਣਾਇਆ ਅਤੇ 7 ਦੌੜਾਂ ਦੇ ਸਕੋਰ 'ਤੇ ਇਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਹੋ ਗਏ।

ਅੰਬਾਤੀ ਰਾਇਡੂ ਨੇ ਵੀ 14 ਗੇਂਦਾਂ 'ਚ 10 ਦੌੜਾਂ ਬਣਾਈਆਂ ਅਤੇ ਮੈਰੇਡਿਥ ਨੇ ਉਸ ਨੂੰ ਈਸ਼ਾਨ ਕਿਸ਼ਨ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ। ਸ਼ਿਵਮ ਦੂਬੇ ਨੇ ਵੀ ਸਿਰਫ਼ 10 ਦੌੜਾਂ ਦੀ ਪਾਰੀ ਖੇਡੀ ਅਤੇ ਇਸ਼ਾਨ ਕਿਸ਼ਨ ਨੂੰ ਮੈਰੇਡੀਥ ਹੱਥੋਂ ਕੈਚ ਕਰਵਾ ਦਿੱਤਾ। ਡਵੇਨ ਬ੍ਰਾਵੋ 12 ਦੌੜਾਂ ਬਣਾ ਕੇ ਕੁਮਾਰ ਕਾਰਤਿਕੇਆ ਨੂੰ ਤਿਲਕ ਵਰਮਾ ਦੇ ਹੱਥੋਂ ਕੈਚ ਆਊਟ ਹੋ ਗਏ। ਸਿਮਰਜੀਤ ਨੂੰ ਕੁਮਾਰ ਕਾਰਤਿਕੇਆ ਨੇ 2 ਦੌੜਾਂ 'ਤੇ ਲੱਤ ਅੜਿੱਕਾ ਆਊਟ ਕੀਤਾ।

ਤੀਕਸ਼ਾਨਾ ਨੂੰ ਰਮਨਦੀਪ ਸਿੰਘ ਨੇ ਜ਼ੀਰੋ 'ਤੇ ਆਊਟ ਕੀਤਾ। ਮੁਕੇਸ਼ ਚੌਧਰੀ ਜਿੱਥੇ 4 ਦੌੜਾਂ ਬਣਾ ਕੇ ਰਨ ਆਊਟ ਹੋਏ, ਉਥੇ ਹੀ ਧੋਨੀ 33 ਗੇਂਦਾਂ 'ਤੇ 2 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾ ਕੇ ਅਜੇਤੂ ਰਹੇ। ਮੁੰਬਈ ਲਈ ਸੈਮਸ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦਕਿ ਮੇਰੇਡਿਥ ਅਤੇ ਕਾਰਤਿਕੇਆ ਨੂੰ ਦੋ-ਦੋ ਸਫਲਤਾਵਾਂ ਮਿਲੀਆਂ ਜਦਕਿ ਬੁਮਰਾਹ ਅਤੇ ਰਮਨਦੀਪ ਸਿੰਘ ਨੂੰ ਇਕ-ਇਕ ਵਿਕਟ ਮਿਲੀ। ਆਈਪੀਐੱਲ ਵਿਚ ਸੀਐੱਸਕੇ ਟੀਮ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਸੀ।

ਮੁੰਬਈ ਨੇ ਦੋ ਬਦਲਾਅ ਕੀਤੇ, ਪੋਲਾਰਡ ਹੋਇਆ ਬਾਹਰ

ਮੁੰਬਈ ਨੇ ਚੇਨਈ ਦੇ ਖ਼ਿਲਾਫ਼ ਮੈਚ ਲਈ ਆਪਣੀ ਪਲੇਇੰਗ ਇਲੈਵਨ ਵਿਚ ਦੋ ਬਦਲਾਅ ਕੀਤੇ ਹਨ ਜਿਸ ਵਿਚ ਕੀਰੋਨ ਪੋਲਾਰਡ ਅਤੇ ਮੁਰੂਗਨ ਅਸ਼ਵਿਨ ਨੂੰ ਪਲੇਇੰਗ ਇਲੈਵਨ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਰਿਤਿਕ ਸ਼ੋਕੀਨ ਅਤੇ ਟਿ੍ਸਟਨ ਸਟੱਬਸ ਨੂੰ ਜਗ੍ਹਾ ਦਿੱਤੀ ਗਈ ਹੈ। ਸੀਐੱਸਕੇ ਨੇ ਆਪਣੀ ਪਲੇਇੰਗ ਇਲੈਵਨ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।