ਆਬੂਧਾਬੀ (ਪੀਟੀਆਈ) : ਹਮਲਾਵਰ ਬੱਲੇਬਾਜ਼ਾਂ ਤੇ ਡੈੱਥ ਓਵਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ਾਂ ਦੀ ਮੌਜੂਦਗੀ ਵਿਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਜਿੱਤ ਦੀ ਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ। ਦੂਜੇ ਪਾਸੇ ਕੇਕੇਆਰ ਵੱਲੋਂ ਉਸ ਦੇ ਮੁੱਖ ਸਪਿੰਨਰ ਸੁਨੀਲ ਨਰੇਨ ਖੇਡ ਸਕਣਗੇ ਜਾਂ ਨਹੀਂ ਇਹ ਵੱਡਾ ਸਵਾਲ ਹੈ। ਮੁੰਬਈ ਨੇ ਪਿਛਲੇ ਚਾਰ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਜਦਕਿ ਕੇਕੇਆਰ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ ਮੈਚ ਵਿਚ ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਹੱਥੋਂ 82 ਦੌੜਾਂ ਨਾਲ ਕਰਾਰੀ ਮਾਤ ਸਹਿਣੀ ਪਈ ਸੀ। ਮੁੰਬਈ ਇੰਡੀਅਨਜ਼ ਵੱਲੋਂ ਆਖ਼ਰੀ ਇਲੈਵਨ ਵਿਚ ਤਬਦੀਲੀ ਕਰਨ ਦੀ ਸੰਭਾਵਨਾ ਨਹੀਂ ਹੈ। ਕੇਕੇਆਰ ਦੇ ਮੁੱਖ ਸਪਿੰਨਰ ਨਰੇਨ ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਰਿਪੋਰਟ ਕੀਤੀ ਗਈ ਹੈ। ਉਹ ਆਰਸੀਬੀ ਖ਼ਿਲਾਫ਼ ਮੈਚ ਵਿਚ ਨਹੀਂ ਖੇਡ ਸਕੇ ਸਨ ਤੇ ਕੇਕੇਆਰ ਉਨ੍ਹਾਂ ਦੇ ਮਾਮਲੇ ਵਿਚ ਜਲਦ ਤੋਂ ਜਲਦ ਹੱਲ ਚਾਹੁੰਦਾ ਹੈ। ਜੇ ਨਰੇਨ ਮੁੜ ਬਾਹਰ ਰਹਿੰਦੇ ਹਨ ਤਾਂ ਮੁੰਬਈ ਦੀ ਜਿੱਤ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਮੈਚ ਸ਼ੇਖ਼ ਜਾਇਦ ਸਟੇਡੀਅਮ ਵਿਚ ਹੋਵੇਗਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਸੈਸ਼ਨ ਵਿਚ ਆਪਣੇ ਦੋਵੇਂ ਅਰਧ ਸੈਂਕੜੇ ਇਸੇ ਮੈਦਾਨ 'ਤੇ ਲਾਏ ਹਨ।