ਨਵੀਂ ਦਿੱਲੀ (ਜੇਐੱਨਐੱਨ) : ਮੁੰਬਈ ਇੰਡੀਅਨਜ਼ ਨੇ ਚੇਨਈ ਵਿਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਆਈਪੀਐੱਲ ਮੁਕਾਬਲੇ ਵਿਚ ਜਲਦ ਹੀ ਓਪਨਰ ਕਵਿੰਟਨ ਡਿਕਾਕ (02) ਦੀ ਵਿਕਟ ਗੁਆਉਣ ਦੇ ਬਾਵਜੂਦ ਖ਼ੁਦ ਨੂੰ ਸੰਭਾਲਿਆ। ਕਪਤਾਨ ਰੋਹਿਤ ਸ਼ਰਮਾ (43) ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸੂਰਿਆ ਕੁਮਾਰ ਯਾਦਵ (56) ਨੇ ਉਸ ਤੋਂ ਬਾਅਦ ਸੰਭਲ ਕੇ ਬੱਲੇਬਾਜ਼ੀ ਕੀਤੀ ਜਿਸ ਦੇ ਦਮ 'ਤੇ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 152 ਦੌੜਾਂ ਦਾ ਸਕੋਰ ਬਣਾਉਣ ਵਿਚ ਕਾਮਯਾਬ ਰਹੀ। ਇਨ੍ਹਾਂ ਦੋਵਾਂ ਤੋਂ ਇਲਾਵਾ ਮੁੰਬਈ ਦਾ ਹੋਰ ਕੋਈ ਬੱਲੇਬਾਜ਼ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ਼ਾਨ ਕਿਸ਼ਨ ਨੇ ਇਕ, ਹਾਰਦਿਕ ਪਾਂਡਿਆ ਨੇ 15, ਕੀਰੋਨ ਪੋਲਾਰਡ ਨੇ ਪੰਜ, ਕਰੁਣਾਲ ਪਾਂਡਿਆ ਨੇ 15, ਰਾਹੁਲ ਚਾਹਰ ਨੇ ਅੱਠ ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਮਾਰਕੋ ਜੈਨਸੇਨ ਤੇ ਜਸਪ੍ਰੀਤ ਬੁਮਰਾਹ ਬਿਨਾਂ ਕੋਈ ਦੌੜ ਬਣਾਏ ਪਵੇਲੀਅਨ ਮੁੜ ਗਏ। ਆਂਦਰੇ ਰਸੇਲ ਨੇ ਸਿਰਫ਼ ਦੋ ਓਵਰ ਸੁੱਟੇ ਤੇ 15 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਇਕ ਇਕ ਜਦਕਿ ਪੈਟ ਕਮਿੰਸ ਨੇ ਦੋ ਵਿਕਟਾਂ ਹਾਸਲ ਕੀਤੀਆਂ। ਜਵਾਬ 'ਚ ਇਕ ਸਮੇਂ ਮੈਚ ਜਿੱਤਣ ਦੀ ਸਥਿਤੀ 'ਚ ਦਿਖਾਈ ਦੇ ਰਹੀ ਕੋਲਕਾਤਾ ਦੀ ਟੀਮ 20 ਓਵਰਾਂ ਸੱਤ ਵਿਕਟਾਂ 'ਤੇ 142 ਦੌੜਾਂ ਹੀ ਬਣਾ ਸਕੀ ਤੇ 10 ਦੌੜਾਂ ਨਾਲ ਮੈਚ ਗੁਆ ਬੈਠੀ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਇਆਨ ਮਾਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਿਛਲੇ ਮੈਚ ਵਿਚ ਕੁਆਰੰਟਾਈਨ ਹੋਣ ਕਾਰਨ ਨਹੀਂ ਖੇਡ ਸਕੇ ਦੱਖਣੀ ਅਫਰੀਕੀ ਵਿਕਟਕੀਪਰ ਡਿਕਾਕ ਨੂੰ ਰੋਹਿਤ ਸ਼ਰਮਾ ਨੇ ਕ੍ਰਿਸ ਲਿਨ ਦੀ ਥਾਂ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ। ਹਾਲਾਂਕਿ ਉਹ ਛੇ ਗੇਂਦਾਂ 'ਤੇ ਸਿਰਫ਼ ਦੋ ਦੌੜਾਂ ਹੀ ਬਣਾ ਸਕੇ ਤੇ ਵਰੁਣ ਚੱਕਰਵਰਤੀ ਦਾ ਸ਼ਿਕਾਰ ਹੋਏ। ਰਾਹੁਲ ਤਿ੍ਪਾਠੀ ਨੇ ਉਨ੍ਹਾਂ ਦਾ ਸੌਖਾ ਕੈਚ ਲਿਆ।