ਨਵੀਂ ਦਿੱਲੀ, ਜੇਐੱਨਐੱਨ : ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਆਈਪੀਐਲ 2021 ’ਚ ਚੇੱਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਟੀਮ ਦੇ ਸੀਈਓ ਕਾਸੀ ਵਿਸ਼ਵਨਾਥਨ ਨੇ ਕਿਹਾ ਕਿ, ਧੋਨੀ ਆਈਪੀਐਲ ਦੇ 14ਵੇਂ ਸੀਜ਼ਨ ਤੋਂ ਬਾਅਦ ਵੀ ਇਸ ਲੀਗ ਵਿਚ ਖੇਡਣਾ ਜਾਰੀ ਰੱਖ ਸਕਦੇ ਹਨ ਅਤੇ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ, ਯੈਲੋ ਆਰਮੀ ਨਾਲ ਉਨ੍ਹਾਂ ਦਾ ਆਖਰੀ ਸੀਜ਼ਨ ਨਹੀਂ ਹੋਵੇਗਾ। ਧੋਨੀ ਨੇ ਪਿਛਲੇ ਸਾਲ ਭਾਵ 2020 ’ਚ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸ਼ਾਇਦ ਆਈਪੀਐਲ ਨੂੰ ਅਲਵਿਦਾ ਵੀ ਕਹਿ ਦੇਣਗੇ।


ਆਈਪੀਐਲ 2020 ’ਚ, ਜਦੋਂ ਉਨ੍ਹਾਂ ਨੂੰ ਇਕ ਮੈਚ ਤੋਂ ਬਾਅਦ ਪੁੱਛਿਆ ਗਿਆ ਸੀ ਕਿ ਕੀ ਉਹ ਇਸ ਤੋਂ ਬਾਅਦ ਇਸ ਲੀਗ ਵਿਚ ਖੇਡਣਾ ਛੱਡ ਦੇਣਗੇ, ਤਾਂ ਉਨ੍ਹਾਂ ਕਿਹਾ ਸੀ ਕਿ, ਨਿਸ਼ਚਤ ਤੌਰ 'ਤੇ ਨਹੀਂ। ਹੁਣ ਉਹ ਫਿਰ ਸੀਐਸਕੇ ਦੀ ਕਪਤਾਨੀ ਕਰ ਰਹੇ ਹਨ। ਹੁਣ ਟੀਮ ਦੇ ਸੀਈਓ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ, ਧੋਨੀ 2021 ਤੋਂ ਬਾਅਦ ਵੀ ਇਸ ਫ੍ਰੈਂਚਾਇਜ਼ੀ ਲਈ ਖੇਡਣਾ ਜਾਰੀ ਰੱਖਣਗੇ ਅਤੇ ਉਹ ਇਸ ਸਮੇਂ ਧੋਨੀ ਦੇ ਉੱਤਰਾਧਿਕਾਰੀ ਵਜੋਂ ਕਿਸੇ ਹੋਰ ਖਿਡਾਰੀ ਬਾਰੇ ਨਹੀਂ ਸੋਚ ਰਹੇ ਹਨ। ਇੰਡੀਅਨ ਐਕਸਪ੍ਰੈਸ ਨੂੰ ਸੰਬੋਧਨ ਕਰਦਿਆਂ ਟੀਮ ਦੇ ਸੀਈਓ ਕਾਸੀ ਵਿਸ਼ਵਨਾਥਨ ਨੇ ਕਿਹਾ, ਮੈਨੂੰ ਨਹੀਂ ਲਗਦਾ ਕਿ ਇਹ ਆਈਪੀਐਲ ਵਿਚ ਉਸ ਦਾ ਆਖਰੀ ਸਾਲ ਹੈ। ਇਹ ਮੇਰੀ ਨਿੱਜੀ ਰਾਏ ਹੈ ਅਤੇ ਅਸੀਂ ਕਿਸੇ ਹੋਰ ਵਿਅਕਤੀ ਵੱਲ ਦੇਖ ਵੀ ਨਹੀਂ ਰਹੇ।


ਧੋਨੀ ਸਾਲ 2006 ਤੋਂ ਹੀ ਸੀਐਸਕੇ ਦੀ ਕਪਤਾਨੀ ਕਰ ਰਹੇ ਹਨ ਅਤੇ ਉਹ ਸਿਰਫ 2016-2017 ’ਚ ਹੀ ਇਸ ਟੀਮ ਦੀ ਕਪਤਾਨੀ ਨਹੀਂ ਕਰ ਸਕੇ ਕਿਉਂਕਿ ਇਸ ਟੀਮ ’ਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ। ਇਸਤੋਂ ਬਾਅਦ, ਜਦੋਂ ਸੀਐਸਕੇ ਦੀ ਸਾਲ 2018 ’ਚ ਵਾਪਸੀ ਹੋਈ ਤਾਂ ਇਸ ਟੀਮ ਨੇ ਤੀਜੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ। ਸਾਲ 2019 ’ਚ ਇਹ ਟੀਮ ਉਪ-ਜੇਤੂ ਰਹੀ ਜਦਕਿ ਸਾਲ 2020 ਵਿਚ ਇਹ ਟੀਮ ਪਲੇਆਫ ਤਕ ਵੀ ਨਹੀਂ ਪਹੁੰਚ ਸਕੀ। ਇਸ ਸੀਜ਼ਨ ਵਿਚ ਸੀਐਸਕੇ ਦਾ ਪਹਿਲਾ ਮੈਚ ਦਿੱਲੀ ਨਾਲ ਹੋਵੇਗਾ।Posted By: Sunil Thapa