ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਵਿਕਟੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਵੈਸਟਇੰਡੀਜ਼ ਦੌਰੇ ਲਈ ਖ਼ੁਦ ਨੂੰ ਹਟਾ ਲਿਆ ਸੀ, ਜਿਸ ਤੋਂ ਬਾਅਦ ਟੀਮ 'ਚ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ। ਹੁਣ ਧੋਨੀ ਆਪਣੇ ਅਗਲੇ ਦੋ ਮਹੀਨੇ ਫ਼ੌਜ ਨਾਲ ਬਿਤਾਉਣ ਵਾਲੇ ਹਨ। ਧੋਨੀ ਨੇ ਫ਼ੌਜ ਨਾਲ ਇਹ ਵਾਅਦਾ ਪਹਿਲਾਂ ਹੀ ਕੀਤਾ ਸੀ, ਜਿਸ ਨੂੰ ਉਹ ਨਿਭਾਉਣ ਜਾ ਰਹੇ ਹਨ। ਹੁਣ ਧੋਨੀ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਏਐੱਨਆਈ ਅਨੁਸਾਰ ਧੋਨੀ ਨੇ ਭਾਰਤੀ ਫ਼ੌਜ ਨਾਲ ਟ੍ਰੈਨਿੰਗ ਕਰਨ ਦੀ ਇਜਾਜ਼ਤ ਮੰਗੀ ਸੀ ਜੋ ਮੰਨ ਲਈ ਗਈ ਹੈ। ਥਲ ਫ਼ੌਜ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਹੈ।


ਬਿਪਿਨ ਰਾਵਤ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਧੋਨੀ ਪੈਰਾਸ਼ੂਟ ਰੈਜੀਮੈਂਟ ਬਟਾਲੀਅਨ ਨਾਲ ਟ੍ਰੈਨਿੰਗ ਲੈਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਟ੍ਰੈਨਿੰਗ ਦਾ ਕੁਝ ਹਿੱਸਾ ਜੰਮੂ-ਕਸ਼ਮੀਰ 'ਚ ਪੂਰਾ ਕਰਨਗੇ। ਹਾਲਾਂਕਿ ਇਹ ਸਾਫ਼ ਕੀਤਾ ਗਿਆ ਹੈ ਕਿ ਧੋਨੀ ਚਾਹੇ ਹੀ ਫ਼ੌਜ ਨਾਲ ਟ੍ਰੈਨਿੰਗ ਲੈਣਗੇ ਪਰ ਉਹ ਕਿਸੇ ਵੀ ਐਕਟਿਵ ਆਪਰੇਸ਼ਨ ਦਾ ਹਿੱਸਾ ਨਹੀਂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਧੋਨੀ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਰੈਜੀਮੈਂਟ 'ਚ ਲੈਫਟੀਨੈਂਟ ਕਰਨਲ ਵੀ ਹਨ ਤੇ ਉਹ ਆਪਣੇ ਅਗਲੇ ਦੋ ਮਹੀਨੇ ਆਪਣੀ ਰੈਜੀਮੈਂਟ ਨਾਲ ਬਿਤਾਉਣਗੇ।

Posted By: Akash Deep