ਨਵੀਂ ਦਿੱਲੀ (ਆਈਏਐੱਨਐੱਸ) : ਦੱਖਣੀ ਅਫਰੀਕਾ ਦੇ ਸਾਬਕਾ ਆਲ ਰਾਊਂਡਰ ਐਲਬੀ ਮੋਰਕੇਲ ਨੇ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਤੇ ਸਥਿਰਤਾ ਇਹ ਦੋ ਕਾਰਨ ਹਨ ਜਿਨ੍ਹਾਂ ਕਾਰਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) (ਆਈਪੀਐੱਲ) ਦੀਆਂ ਸਭ ਤੋਂ ਕਾਮਯਾਬ ਟੀਮਾਂ ਵਿਚੋਂ ਇਕ ਹੈ। ਮੋਰਕੇਲ ਨੇ ਕਿਹਾ ਕਿ ਧੋਨੀ ਵੱਡੀ ਭੂਮਿਕਾ ਨਿਭਾਊਂਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਭਾਰਤ ਵਿਚ ਕਿੰਨੇ ਵੱਡੇ ਖਿਡਾਰੀ ਹਨ। ਉਹ ਟੀ-20 ਤੇ ਸੀਮਤ ਓਵਰਾਂ ਦੇ ਆਲ ਟਾਈਮ ਮਹਾਨ ਖਿਡਾਰੀਆਂ ਵਿਚੋਂ ਇਕ ਹਨ ਤੇ ਜੇ ਤੁਹਾਨੂੰ ਉਹ ਇਕ ਕਪਤਾਨ ਵਜੋਂ ਮਿਲਦੇ ਹਨ ਤਾਂ ਇਸ ਨਾਲ ਕਾਮਯਾਬੀ ਹਾਸਲ ਹੋਣ ਵਾਲੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਖਿਡਾਰੀਆਂ ਤੋਂ ਕਿਵੇਂ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਕਰਵਾਉਣਾ ਹੈ। ਮੋਰਕੇਲ ਨੇ ਜਨਵਰੀ 2019 ਵਿਚ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚੋਂ ਸੰਨਿਆਸ ਲੈ ਲਿਆ ਸੀ ਤੇ ਉਹ ਸੀਐੱਸਕੇ ਲਈ ਆਈਪੀਐੱਲ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਹਨ।