ਨਵੀਂ ਦਿੱਲੀ (ਜੇਐੱਨਐੱਨ) : ਸਾਬਕਾ ਭਾਰਤੀ ਕਪਤਾਨ ਮਹਿਦੰਰ ਸਿੰਘ ਧੋਨੀ ਦੇ ਨਜ਼ਦੀਕੀ ਸੂਤਰ ਮੁਤਾਬਕ ਉਨ੍ਹਾਂ ਦੇ ਬੰਗਲਾਦੇਸ਼ ਤੇ ਭਾਰਤ ਵਿਚਾਲੇ ਡੇ-ਨਾਈਟ ਟੈਸਟ ਮੈਚ ਵਿਚ ਕੁਮੈਂਟਰੀ ਵਿਚ ਸ਼ੁਰੂਆਤ ਕਰਨ ਦੀ ਸੰਭਾਵਨਾ ਨਹੀਂ ਹੈ। ਭਾਰਤ ਇਸੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ਦੇ ਈਡਨ ਗਾਰਡਨ ਵਿਚ ਆਪਣਾ ਪਹਿਲਾ ਡੇ-ਨਾਈਟ ਟੈਸਟ ਮੈਚ ਖੇਡੇਗਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਮੈਚ ਵਿਚ ਧੋਨੀ ਕੁਮੈਂਟਰੀ ਕਰਦੇ ਹੋਏ ਦੇਖੇ ਜਾ ਸਕਦੇ ਹਨ। ਮੈਚ ਦੇ ਬਰਾਡਕਾਸਟਰ ਸਟਾਰ ਸਪੋਰਟਸ ਨੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਸਾਹਮਣੇ ਡੀ-ਨਾਈਟ ਟੈਸਟ ਮੈਚ ਲਈ ਪ੍ਰਸਤਾਵ ਰੱਖਿਆ ਸੀ ਕਿ ਸਾਬਕਾ ਕਪਤਾਨਾਂ ਨੂੰ ਕੁਮੈਂਟਰੀ ਦਾ ਮੌਕਾ ਦਿੱਤਾ ਜਾਵੇ ਪਰ ਬੋਰਡ ਨੇ ਅਜੇ ਜਵਾਬ ਨਹੀਂ ਦਿੱਤਾ ਹੈ। ਧੋਨੀ ਜੁਲਾਈ ਵਿਚ ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਤੋਂ ਭਾਰਤ ਲਈ ਕੋਈ ਮੈਚ ਨਹੀਂ ਖੇਡੇ ਹਨ ਤੇ ਬੀਸੀਸੀਆਈ ਦੇ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ।

ਹਿਤਾਂ ਦਾ ਟਕਰਾਅ ਹੋਵੇਗਾ

ਧੋਨੀ ਦੇ ਕਰੀਬੀ ਸੂਤਰ ਤੋਂ ਜਦ ਧੋਨੀ ਦੇ ਇਸ ਮੈਚ ਵਿਚ ਕੁਮੈਂਟਰੀ ਕਰਨ ਦੀ ਸੰਭਾਵਨਾ ਦੇ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਧੋਨੀ ਕੁਮੈਂਟਰੀ ਕਰ ਹੀ ਨਹੀਂ ਸਕਦੇ ਕਿਉਂਕਿ ਬੀਸੀਸੀਆਈ ਦੇ ਮੌਜੂਦਾ ਨਿਯਮਾਂ ਮੁਤਾਬਕ ਧੋਨੀ ਦਾ ਕੁਮੈਂਟਰੀ ਕਰਨਾ ਹਿਤਾਂ ਦਾ ਟਕਰਾਅ ਹੋਵੇਗਾ।