ਨਵੀਂ ਦਿੱਲੀ, ਏਐਨਆਈ : ਇੰਡੀਅਨ ਪ੍ਰੀਮੀਅਰ ਲੀਗ 2021 ਦੇ ਮੁਲਤਵੀ ਹੋਣ ਤੋਂ ਬਾਅਦ, ਪੰਜਾਬ ਕਿੰਗਜ਼ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਹੁਤੇ ਖਿਡਾਰੀ 'ਸੁਰੱਖਿਅਤ ਰੂਪ ਨਾਲ' ਘਰ ਪਹੁੰਚ ਗਏ ਹਨ। ਕੁਝ ਆਪਣੇ ਦੇਸ਼ ਵਾਪਸ ਜਾਣ ਤੋਂ ਪਹਿਲਾਂ ਭਾਰਤ ਤੋਂ ਬਾਹਰ ਕੁਆਰਨਟਾਈਨ ਹਨ। ਜੀਸੀ ਅਤੇ ਬੀਸੀਸੀਆਈ ਨੇ ਦੇਸ਼ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇਸ ਹਫ਼ਤੇ ਮੰਗਲਵਾਰ ਨੂੰ ਇਕ ਐਮਰਜੈਂਸੀ ਬੈਠਕ ਵਿਚ ਆਈਪੀਐਲ 2021 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਕੁਝ ਖਿਡਾਰੀ ਅਤੇ ਖੇਡ ਸਟਾਫ ਸੰਕ੍ਮਿਰਤ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਬੀਸੀਸੀਆਈ ਨੇ ਕਿਹਾ ਕਿ ਉਹ ਆਈਪੀਐਲ 2021 ਨਾਲ ਜੁੜੇ ਸਾਰੇ ਲੋਕਾਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰਨ ਲਈ ਆਪਣੇ ਵੱਲੋਂ ਸਭ ਕੁਝ ਕਰੇਗਾ। ਪੰਜਾਬ ਕਿੰਗਜ਼ ਨੇ ਬੀਸੀਸੀਆਈ ਅਤੇ ਹੋਰ ਆਈਪੀਐਲ ਟੀਮਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰੀਰਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਆਈਪੀਐਲ ਦੇ 14 ਵੇਂ ਸੀਜ਼ਨ ਨੂੰ ਪੂਰਾ ਕਰਨ ਲਈ ਟੀ-20 ਵਰਲਡ ਕੱਪ ਤੋਂ ਪਹਿਲਾਂ ਬੀਸੀਸੀਆਈ ਦੀ ਸਤੰਬਰ ਵਿੰਡੋ 'ਤੇ ਨਜ਼ਰ ਹੈ। ਸਮਾਚਾਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਸਤੰਬਰ ਵਿਚ ਕੋਰੋਨਾ ਸਥਿਤੀ ਕੰਟਰੋਲ ਵਿਚ ਰਹੀ ਤਾਂ ਲੀਗ ਦਾ 14 ਵਾਂ ਸੀਜ਼ਨ ਪੂਰਾ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਕਿਉਂ ਨਹੀਂ? ਜੇ ਵਿਦੇਸ਼ੀ ਖਿਡਾਰੀ ਉਪਲਬਧ ਰਹਿੰਦੇ ਹਨ ਅਤੇ ਕੋਰੋਨਾ ਦੀ ਸਥਿਤੀ ਨਿਯੰਤਰਣ ਵਿਚ ਹੈ, ਤਾਂ ਅਸੀਂ ਨਿਸ਼ਚਤ ਰੂਪ ਵਿਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਸ ਵਿੰਡੋ ਵਿਚ ਇਸ ਦਾ ਪ੍ਰਬੰਧ ਕਰ ਸਕਦੇ ਹਾਂ। ਇਹ ਟੀ-20 ਵਿਸ਼ਵ ਕੱਪ ਲਈ ਮੈਦਾਨ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਵਿਚ ਸਹਾਇਤਾ ਕਰ ਸਕਦਾ ਹੈ।

ਇੰਗਲੈਂਡ ਦੀਆਂ ਚਾਰ ਵੱਡੀਆਂ ਕਾਊਂਟੀ ਮਿਡਲਸੇਕਸ, ਸਰੇ ਵਾਰਵਿਕਸ਼ਾਇਰ ਅਤੇ ਲੰਕਾਸ਼ਾਇਰ ਨੇ ਆਈਪੀਐਲ ਦੇ ਬਾਕੀ 31 ਮੈਚਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਬੀਸੀਸੀਆਈ ਸਤੰਬਰ ਵਿਚ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਦੇ ਖ਼ਤਮ ਹੋਣ ਤੋਂ ਬਾਅਦ ਆਈਪੀਐਲ ਦੀ ਮੇਜ਼ਬਾਨੀ ਦੀ ਸੰਭਾਵਨਾ ਦੀ ਪੜਚੋਲ ਕਰ ਰਹੀ ਹੈ। ਭਾਰਤੀ ਟੀਮ ਦਾ ਇੰਗਲੈਂਡ ਦੌਰਾ 14 ਸਤੰਬਰ ਨੂੰ ਖ਼ਤਮ ਹੋਵੇਗਾ। ਈਐਸਪੀਐਨ ਕ੍ਰਿਕਇਨਫੋ ਦੀ ਰਿਪੋਰਟ ਦੇ ਅਨੁਸਾਰ, ਲਾਰਡਸ, ਓਵਲ, ਐਜਬਸਟਨ ਅਤੇ ਓਲਡ ਟ੍ਰੈਫਰਡ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੂੰ ਆਪਣੀ ਇੱਛਾ ਜ਼ਾਹਰ ਕਰਦਿਆਂ ਪੱਤਰ ਲਿਖਿਆ ਹੈ। ਰਿਪੋਰਟ ਦੇ ਅਨੁਸਾਰ, ' ਸਤੰਬਰ ਦੇ ਦੂਜੇ ਅੱਧ ਵਿਚ, ਟੂਰਨਾਮੈਂਟ ਦੋ ਹਫ਼ਤਿਆਂ ਵਿਚ ਪੂਰਾ ਕਰਨ ਦੀ ਤਜਵੀਜ਼ ਹੈ।

Posted By: Sunil Thapa