ਨਵੀਂ ਦਿੱਲੀ (ਜੇਐੱਨਐੱਨ) : ਇੰਗਲੈਂਡ ਲਈ 50 ਟੈਸਟ ਤੇ 26 ਵਨ ਡੇ ਖੇਡਣ ਵਾਲੇ ਭਾਰਤੀ ਮੂਲ ਦੇ ਸਪਿੰਨਰ ਮੋਂਟੀ ਪਨੇਸਰ ਨੇ ਕਿਹਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਵਿਚ ਵਿਰਾਟ ਦੀ ਟੀਮ ਮੁੱਖ ਦਾਅਵੇਦਾਰ ਹੋਵੇਗੀ। ਉਨ੍ਹਾਂ ਨੂੰ ਭਾਰਤੀ ਟੀਮ ਵਿਚ ਦੁਬਾਰਾ ਥਾਂ ਬਣਾਉਣ ਵਾਲੇ ਸਪਿੰਨਰ ਅਕਸ਼ਰ ਪਟੇਲ ਬਹੁਤ ਚੰਗੇ ਲਗਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਅਕਸ਼ਰ ਪਟੇਲ ਵਰਗਾ ਵਿਸ਼ਵ ਕ੍ਰਿਕਟ ਵਿਚ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਖ਼ਿਆਲ ਨਾਲ ਅਕਸ਼ਰ ਸਪਿੰਨ ਦੀਆਂ ਮਦਦਗਾਰ ਪਿੱਚਾਂ 'ਤੇ ਕਾਫੀ ਸ਼ਾਨਦਾਰ ਗੇਂਦਬਾਜ਼ ਹਨ ਤੇ ਇੰਗਲੈਂਡ ਦੀਆਂ ਪਿੱਚਾਂ 'ਤੇ ਉਨ੍ਹਾਂ ਨੇ ਡਰਹਮ ਕਾਊਂਟੀ ਕਲੱਬ ਟੀਮ ਲਈ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਇਸ ਕਾਰਨ ਉਨ੍ਹਾਂ ਨੂੰ ਸਪਾਟ ਪਿੱਚਾਂ 'ਤੇ ਗੇਂਦਬਾਜ਼ੀ ਕਰਦੇ ਦੇਖਣਾ ਦਿਲਚਸਪ ਹੋਵੇਗਾ ਪਰ ਭਾਰਤ ਦੀਆਂ ਸਪਿੰਨ ਪਿੱਚਾਂ ਦੀ ਗੱਲ ਕਰੀਏ ਤਾਂ ਉਥੇ ਉਨ੍ਹਾਂ ਨੇ ਸਿੱਧੀਆਂ ਗੇਂਦਾਂ ਨਾਲ ਵਿਕਟਾਂ ਕੱਢੀਆਂ। ਉਹ ਜਾਣਦੇ ਹਨ ਕਿ ਕਿਵੇਂ ਬੱਲੇਬਾਜ਼ ਨੂੰ ਆਊਟ ਕਰਨਾ ਹੈ ਤੇ ਮੇਰੇ ਖ਼ਿਆਲ ਨਾਲ ਇਸ ਸਮੇਂ ਵਿਸ਼ਵ ਕ੍ਰਿਕਟ ਵਿਚ ਸਿੱਧੀਆਂ ਗੇਂਦਾਂ ਨਾਲ ਵਿਕਟਾਂ ਲੈਣ ਵਾਲਾ ਉਨ੍ਹਾਂ ਤੋਂ ਇਲਾਵਾ ਦੂਜਾ ਗੇਂਦਬਾਜ਼ ਨਹੀਂ ਹੈ।