ਲਾਹੌਰ (ਆਈਏਐੱਨਐੱਸ) : ਸਰਫ਼ਰਾਜ਼ ਅਹਿਮਦ ਨੂੰ ਟੀ-20 ਦੀ ਕਪਤਾਨੀ ਤੋਂ ਹਟਾਏ ਜਾਣ ਨਾਲ ਪਾਕਿਸਤਾਨ ਦੇ ਸਾਬਕਾ ਕਪਤਾਨ ਮੋਇਨ ਖ਼ਾਨ ਹੈਰਾਨ ਹਨ। ਪਾਕਿਸਤਾਨ ਕਿ੍ਕਟ ਬੋਰਡ (ਪੀਸੀਬੀ) ਨੇ ਸ਼ੁੱਕਰਵਾਰ ਨੂੰ ਸਰਫ਼ਰਾਜ਼ ਨੂੰ ਟੈਸਟ ਤੇ ਟੀ-20 ਦੇ ਕਪਤਾਨ ਦੇ ਰੂਪ ਵਿਚ ਹਟਾਏ ਜਾਣ ਦਾ ਐਲਾਨ ਕੀਤਾ ਸੀ। ਕਪਤਾਨੀ ਤੋਂ ਹਟਾਏ ਜਾਣ ਤੋਂ ਇਲਾਵਾ ਸਰਫ਼ਰਾਜ਼ ਨੂੰ ਆਸਟ੍ਰੇਲੀਆ ਦੌਰੇ ਲਈ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ।

ਆਸਟ੍ਰੇਲੀਆ ਖ਼ਿਲਾਫ਼ ਪਾਕਿਸਤਾਨ ਦੀ ਟੀਮ ਤਿੰਨ ਟੀ-20 ਤੇ ਦੋ ਟੈਸਟ ਮੈਚ ਖੇਡੇਗੀ। ਮੋਇਨ ਨੇ ਕਿਹਾ ਕਿ ਮਿਸਬਾਹ ਤੇ ਵਕਾਰ ਯੂਨਸ ਨੂੰ ਕਦੀ ਸਰਫ਼ਰਾਜ਼ ਪਸੰਦ ਨਹੀਂ ਸਨ। ਮੈਂ ਹੈਰਾਨ ਹਾਂ ਕਿ ਪੀਸੀਬੀ ਨੇ ਸਰਫ਼ਰਾਜ਼ ਨੂੰ ਟੀ-20 ਦੀ ਕਪਤਾਨੀ ਤੋਂ ਹਟਾ ਦਿੱਤਾ। ਉਨ੍ਹਾਂ ਨੇ ਪਾਕਿਸਤਾਨ ਨੂੰ ਆਪਣੀ ਅਗਵਾਈ ਵਿਚ ਲਗਾਤਾਰ 11 ਟੀ-20 ਲੜੀਆਂ ਜਿਤਵਾਈਆਂ ਹਨ ਤੇ ਤੁਸੀਂ ਉਨ੍ਹਾਂ ਨੂੰ ਖ਼ਰਾਬ ਪ੍ਰਦਰਸ਼ਨ ਕਾਰਨ ਹਟਾ ਨਹੀਂ ਸਕਦੇ।

ਕਿਸੇ ਨੂੰ ਜ਼ਿਆਦਾ ਤਾਕਤ ਦੇਣਾ ਸਹੀ ਨਹੀਂ :

ਮੋਇਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਕ ਵਿਅਕਤੀ ਨੂੰ ਜ਼ਿਆਦਾ ਤਾਕਤ ਦੇਣ ਨਾਲ ਪਾਕਿਸਤਾਨ ਕ੍ਰਿਕਟ ਦਾ ਚੰਗਾ ਨਹੀਂ ਹੋਵੇਗਾ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਸ਼ਨਿਚਰਵਾਰ ਨੂੰ ਸਰਫ਼ਰਾਜ਼ ਨੂੰ ਕਪਤਾਨੀ ਤੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਸੀ।