ਕਰਾਚੀ : ਪਾਕਿਸਤਾਨ ਦੇ ਸਾਬਕਾ ਕਪਤਾਨ ਮੋਇਨ ਖਾਨ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਵਿਸ਼ਵ ਕੱਪ ਵਿਚ ਹਮੇਸ਼ਾ ਭਾਰਤ ਹੱਥੋਂ ਹਾਰਨ ਦਾ ਕਲੰਕ ਧੋ ਕੇ ਇੰਗਲੈਂਡ ਵਿਚ ਹੋਣ ਵਾਲੇ ਅਗਲੇ ਵਿਸ਼ਵ ਕੱਪ ਵਿਚ ਧੁਰ ਵਿਰੋਧੀ 'ਤੇ ਪਹਿਲੀ ਜਿੱਤ ਦਰਜ ਕਰ ਸਕਦੀ ਹੈ। ਵਿਸ਼ਵ ਕੱਪ ਵਿਚ ਹੁਣ ਤਕ ਛੇ ਵਾਰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਹੈ ਤੇ ਹਰ ਵਾਰ ਭਾਰਤੀ ਟੀਮ ਜਿੱਤੀ ਹੈ। ਹੁਣ ਦੋਵੇਂ ਟੀਮਾਂ 16 ਜੂਨ ਨੂੰ ਕ੍ਰਿਕਟ ਦੇ ਇਸ ਮਹਾ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੀਆਂ। ਮੋਇਨ ਨੇ ਇਕ ਟੀਵੀ ਚੈਨਲ 'ਤੇ ਕਿਹਾ ਕਿ ਮੌਜੂਦਾ ਟੀਮ ਵਿਸ਼ਵ ਕੱਪ ਵਿਚ ਭਾਰਤ 'ਤੇ ਪਹਿਲੀ ਜਿੱਤ ਦਰਜ ਕਰ ਸਕਦੀ ਹੈ ਕਿਉਂਕਿ ਇਹ ਕਾਫੀ ਯੋਗ ਟੀਮ ਹੈ। ਇਸ ਵਿਚ ਗਹਿਰਾਈ ਤੇ ਵਖਰੇਵਾਂ ਹੈ ਤੇ ਸਰਫ਼ਰਾਜ਼ ਅਹਿਮਦ ਦਾ ਖਿਡਾਰੀਆਂ ਨਾਲ ਚੰਗਾ ਤਾਲਮੇਲ ਹੈ। ਵਿਸ਼ਵ ਕੱਪ 1992 ਤੇ 1999 ਟੀਮ ਦੇ ਮੈਂਬਰ ਰਹੇ ਮੋਇਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਪਾਕਿਸਤਾਨ ਦੀ ਜਿੱਤ ਦਾ ਯਕੀਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਨੇ ਦੋ ਸਾਲ ਪਹਿਲਾਂ ਚੈਂਪੀਅਨਜ਼ ਟਰਾਫੀ 'ਚ ਉਨ੍ਹਾਂ ਨੂੰ ਹਰਾਇਆ ਤੇ ਇੰਗਲੈਂਡ ਵਿਚ ਜੂਨ ਵਿਚ ਹਾਲਾਤ ਸਾਡੇ ਮੁਤਾਬਕ ਹੋਣਗੇ ਕਿਉਂਕਿ ਸਾਡੇ ਕੋਲ ਉਨ੍ਹਾਂ ਤੋਂ ਬਿਹਤਰ ਗੇਂਦਬਾਜ਼ ਹਨ। ਮੋਇਨ ਨੇ ਭਾਰਤ ਤੇ ਇੰਗਲੈਂਡ ਨੂੰ ਵਿਸ਼ਵ ਕੱਪ ਦੇ ਮੁੱਖ ਦਾਅਵੇਦਾਰਾਂ ਵਿਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਲਚਸਪ ਵਿਸ਼ਵ ਕੱਪ ਹੋਵੇਗਾ ਤੇ ਮੈਨੂੰ ਲਗਦਾ ਹੈ ਕਿ ਪਾਕਿਸਤਾਨੀ ਟੀਮ ਭਾਰਤ ਨੂੰ ਹਰਾ ਦੇਵੇਗੀ। ਅਸੀਂ ਦੱਖਣੀ ਅਫਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਖ਼ਿਲਾਫ਼ ਵਨ ਡੇ ਮੈਚ ਖੇਡ ਕੇ ਵਿਸ਼ਵ ਕੱਪ ਵਿਚ ਜਾ ਰਹੇ ਹਾਂ।