Mohammed Shami Wife : ਕ੍ਰਿਕਟਰ ਮੁਹੰਮਦ ਸ਼ਮੀ ਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਚਕਾਰ ਕੋਰਟ ਕੇਸ ਜਾਰੀ ਹੈ। ਇਸ ਦੌਰਾਨ ਤਾਜ਼ਾ ਆਦੇਸ਼ 'ਚ ਕ੍ਰਿਕਟਰ ਨੂੰ ਝਟਕਾ ਲੱਗਾ ਹੈ। ਕੋਰਟ ਨੇ ਸ਼ਮੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਵੱਖਰੀ ਰਹਿੰਦੀ ਪਤਨੀ ਨੂੰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਰੂਪ 'ਚ 50,000 ਰੁਪਏ ਦਾ ਭੁਗਤਾਨ ਕਰੋ। ਕਲਕੱਤਾ ਦੇ ਕੋਰਟ ਨੇ ਇਹ ਆਦੇਸ਼ ਦਿੱਤਾ ਹੈ। ਹਸੀਨ ਜਹਾਂ ਨੇ ਚਾਰ ਸਾਲ ਪਹਿਲਾਂ ਕ੍ਰਿਕਟਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕੇਸ ਦਾਇਰ ਕੀਤਾ ਸੀ।

Mohammed Shami vs Hasin Jahan : ਜਾਣੋ ਪੂਰਾ ਮਾਮਲਾ

ਅਲੀਪੁਰ ਕੋਰਟ ਦੀ ਜੱਜ ਅਨਿੰਦਿਤਾ ਗਾਂਗੁਲੀ ਦੇ 50 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇ ਆਦੇਸ਼ ਨਾਲ ਹਸੀਨ ਜਿੱਥੇ ਖੁਸ਼ ਨਜ਼ਰ ਨਹੀਂ ਆਈ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਦੇ ਖਿਲਾਫ਼ ਹਾਈ ਕੋਰਟ 'ਚ ਅਪੀਲ ਕਰੇਗੀ।

ਦਰਅਸਲ 2018 'ਚ ਹਸੀਨ ਜਹਾਂ ਨੇ 10 ਲੱਖ ਰੁਪਏ ਮਾਸਿਕ ਗੁਜ਼ਾਰਾ ਭੱਤੇ ਦੀ ਮੰਗ ਦੇ ਨਾਲ ਕੇਸ ਦਾਇਰ ਕੀਤਾ ਸੀ। ਇਸ ਰਾਸ਼ੀ ਵਿਚ ਨਿੱਜੀ ਖਰਚਿਆਂ ਲਈ 7 ਲੱਖ ਰੁਪਏ ਤੇ ਬੇਟੀ ਦੀ ਪਰਵਰਿਸ਼ ਲਈ 3 ਲੱਖ ਰੁਪਏ ਸ਼ਾਮਲ ਸਨ।

ਪੜ੍ਹੋ ਮੁਹੰਮਦ ਸ਼ਮੀ 'ਤੇ ਹਸੀਨ ਜਹਾਂ ਵੱਲੋਂ ਲਾਏ ਦੋਸ਼

ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਸੀਨ ਜਹਾਂ ਨੇ ਆਪਣੇ ਕ੍ਰਿਕਟਰ ਪਤੀ ਮੁਹੰਮਦ ਸ਼ਮੀ 'ਤੇ ਵਿਭਚਾਰ ਤੇ ਘਰੇਲੂ ਸ਼ੋਸ਼ਣ ਦੇ ਦੋਸ਼ ਲਗਾਉਂਦੇ ਹੋਏ ਜਾਦਵਪੁਰ ਪੁਲਿਸ ਸਟੇਸ਼ਨ 'ਚ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਸ਼ਮੀ 'ਤੇ ਘਰੇਲੂ ਸ਼ੋਸ਼ਣ ਅਤੇ ਹੱਤਿਆ ਦੀ ਕੋਸ਼ਿਸ਼ ਦੇ ਗੈਰ-ਜ਼ਮਾਨਤੀ ਦੋਸ਼ ਲਗਾਏ ਗਏ ਸਨ।

ਹਸੀਨ ਜਹਾਂ ਨੇ ਦਾਅਵਾ ਕੀਤਾ ਕਿ ਜਦੋਂ ਵੀ ਉਹ ਉੱਤਰ ਪ੍ਰਦੇਸ਼ 'ਚ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਕ੍ਰਿਕਟਰ ਅਤੇ ਉਸਦੇ ਪਰਿਵਾਰ ਨੇ ਉਸਨੂੰ ਤੰਗ ਕੀਤਾ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਸ਼ਮੀ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ, ਜਹਾਂ ਨੇ ਕਿਹਾ, "ਤੁਸੀਂ ਗੁਆਂਢੀਆਂ ਨੂੰ ਪੁੱਛ ਸਕਦੇ ਹੋ ਕਿ ਸ਼ਮੀ ਦੇ ਪਰਿਵਾਰ ਨੇ ਮੇਰੇ ਨਾਲ ਕਿਵੇਂ ਵਿਵਹਾਰ ਕੀਤਾ। ਮੈਂ ਚੁੱਪ ਰਹੀ ਕਿਉਂਕਿ ਉਹ ਦੋ ਸਾਲਾਂ ਤੋਂ ਤਲਾਕ ਮੰਗ ਰਿਹਾ ਸੀ। ਉਹ ਮੈਨੂੰ ਤਸੀਹੇ ਦੇ ਰਿਹਾ ਸੀ, ਉਸਨੇ ਮੈਨੂੰ ਛੱਡਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।'

ਸਾਲ 2018 'ਚ ਪਤਨੀ ਦੇ ਦੋਸ਼ਾਂ ਦੇ ਜਨਤਕ ਹੋਣ ਤੋਂ ਬਾਅਦ ਸ਼ਮੀ ਨੇ ਇਕ ਟਵੀਟ 'ਚ ਸਪੱਸ਼ਟੀਕਰਨ ਦਿੱਤਾ ਸੀ। ਫਿਰ ਕ੍ਰਿਕਟਰ ਨੇ ਲਿਖਿਆ ਕਿ ਸਾਡੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜੋ ਵੀ ਖਬਰਾਂ ਚੱਲ ਰਹੀਆਂ ਹਨ, ਉਹ ਝੂਠ ਹਨ। ਇਹ ਸਾਡੇ ਖਿਲਾਫ ਸਾਜ਼ਿਸ਼ ਹੈ। ਇਹ ਮੈਨੂੰ ਬਦਨਾਮ ਕਰਨ ਜਾਂ ਮੇਰੀ ਖੇਡ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ।

Posted By: Seema Anand