ਦੁਬਈ (ਪੀਟੀਆਈ) : ਭਾਰਤੀ ਕਪਤਾਨ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਨਵੀਂ ਮਹਿਲਾ ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ 762 ਅੰਕਾਂ ਨਾਲ ਇਕ ਵਾਰ ਮੁੜ ਸਿਖ਼ਰ 'ਤੇ ਪੁੱਜ ਗਈ ਜਦਕਿ ਖੱਬੇ ਹੱਥ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵੀ ਨੌਵੇਂ ਸਥਾਨ ਨਾਲ ਟਾਪ-10 ਵਿਚ ਸ਼ਾਮਲ ਹੈ। 16 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਪਹਿਲੀ ਵਾਰ ਬੱਲੇਬਾਜ਼ਾਂ ਦੀ ਸੂਚੀ ਵਿਚ ਸਿਖਰ 'ਤੇ ਪੁੱਜਣ ਵਾਲੀ ਮਿਤਾਲੀ ਨੌਵੀਂ ਵਾਰ ਨੰਬਰ ਇਕ ਬੱਲੇਬਾਜ਼ ਬਣੀ ਹੈ। ਪਿਛਲੀ ਰੈਂਕਿੰਗ ਵਿਚ ਚੋਟੀ 'ਤੇ ਚੱਲ ਰਹੀ ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਪੰਜਵੇਂ ਸਥਾਨ 'ਤੇ ਖਿਸਕ ਗਈ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਝੂਲਨ ਗੋਸਵਾਮੀ ਪੰਜਵੇਂ ਸਥਾਨ ਦੇ ਨਾਲ ਟਾਪ-10 ਵਿਚ ਸ਼ਾਮਲ ਇੱਕੋ ਇਕ ਭਾਰਤੀ ਗੇਂਦਬਾਜ਼ ਹੈ ਜਦਕਿ ਹਰਫ਼ਨਮੌਲਾ ਦੀ ਰੈਂਕਿੰਗ ਵਿਚ ਦੀਪਤੀ ਸ਼ਰਮਾ 10ਵੇਂ ਸਥਾਨ 'ਤੇ ਹਨ। ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਭਾਰਤੀ ਸਲਾਮੀ ਬੱਲੇਬਾਜ਼ ਮੰਧਾਨਾ ਆਪਣੇ ਕਰੀਅਰ ਦੀ ਸਰਬੋਤਮ ਰੈਂਕਿੰਗ ਦੀ ਬਰਾਬਰੀ ਕਰਦੇ ਹੋਏ ਤੀਜੇ ਸਥਾਨ 'ਤੇ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਤੀਜੇ ਤੇ ਆਖ਼ਰੀ ਟੀ-20 ਵਿਚ 70 ਦੌੜਾਂ ਦੀ ਪਾਰੀ ਖੇਡੀ ਸੀ ਜੋ ਪਿਛਲੇ ਹਫ਼ਤੇ ਇਸ ਫਾਰਮੈਟ ਵਿਚ ਉਨ੍ਹਾਂ ਦਾ ਇੱਕੋ ਇਕ ਮੁਕਾਬਲਾ ਸੀ। ਮੰਗਲਵਾਰ ਨੂੰ ਹੋਈ ਹਫ਼ਤਾਵਾਰੀ ਅਪਡੇਟ ਵਿਚ ਵੈਸਟਇੰਡੀਜ਼ ਦੀ ਕਪਤਾਨ ਟੇਲਰ ਨੂੰ 30 ਅੰਕਾਂ ਦਾ ਨੁਕਸਾਨ ਹੋਇਆ ਹੈ। ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਪੰਜ ਮੈਚਾਂ ਦੀ ਸੀਰੀਜ਼ ਵਿਚ 3-2 ਨਾਲ ਹਰਾਇਆ। ਟੇਲਰ ਨੂੰ ਹਫ਼ਤਾਵਾਰੀ ਰੈਂਕਿੰਗ ਦੌਰਾਨ ਤਿੰਨ ਮੈਚਾਂ ਵਿਚੋਂ ਦੋ ਵਿਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਤੇ ਉਨ੍ਹਾਂ ਨੇ 49 ਤੇ 21 ਦੌੜਾਂ ਬਣਾਈਆਂ।

ਹਰਫ਼ਨਮੌਲਾ 'ਚ ਤਿੰਨ ਸਥਾਨ ਖਿਸਕੀ ਟੇਲਰ :

ਸੀਰੀਜ਼ ਦੇ ਪਹਿਲੇ ਮੈਚ ਵਿਚ ਅਜੇਤੂ ਸੈਂਕੜੇ ਦੀ ਬਦੌਲਤ ਵਨ ਡੇ ਰੈਂਕਿੰਗ ਵਿਚ ਪਿਛਲੇ ਹਫ਼ਤੇ ਸਿਖਰ 'ਤੇ ਪੁੱਜੀ ਟੇਲਰ ਨੇ ਹਰਫ਼ਨਮੌਲਾ ਦੀ ਸੂਚੀ ਵਿਚ ਵੀ ਸਿਖਰਲਾ ਸਥਾਨ ਆਸਟ੍ਰੇਲੀਆ ਦੀ ਏਲਿਸ ਪੈਰੀ ਹੱਥੋਂ ਗੁਆ ਦਿੱਤਾ। ਤਿੰਨ ਮੈਚਾਂ ਵਿਚ ਟੇਲਰ ਨੂੰ ਕੋਈ ਵਿਕਟ ਨਹੀਂ ਮਿਲੀ ਜਿਸ ਨਾਲ ਉਹ ਹਰਫ਼ਨਮੌਲਾ ਦੀ ਸੂਚੀ ਵਿਚ ਵੀ ਤਿੰਨ ਸਥਾਨ ਹੇਠਾਂ ਡਿੱਗ ਗਈ।