ਨਵੀਂ ਦਿੱਲੀ (ਪੀਟੀਆਈ) : ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਖੇਡ ਕੇ ਮੁੜਨ ਤੋਂ ਬਾਅਦ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨਾਘਨ ਨੇ ਆਪਣੇ ਆਪ ਨੂੰ 14 ਦਿਨ ਲਈ ਵੱਖ ਕਰ ਕੇ ਰੱਖ ਲਿਆ। ਇਸ ਖਿਡਾਰੀ ਨੇ ਮੁਸਕਰਾਉਂਦੇ ਹੋਏ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਘਰ 'ਤੇ ਛੱਡ ਕੇ ਚਲੀ ਗਈ। ਉਨ੍ਹਾਂ ਨੇ ਟਵਿੱਟਰ 'ਤੇ ਇਕ ਨੋਟ ਸਾਂਝਾ ਕਰਦੇ ਹੋਏ ਲਿਖਿਆ ਕਿ 'ਆਈਸੋਲੇਸ਼ਨ (ਖ਼ੁਦ ਨੂੰ ਵੱਖ ਕਰਨਾ) ਵਿਚ ਰਹਿਣ ਲਈ ਸਿੱਧਾ ਘਰ ਆਇਆ ਹਾਂ। ਇੱਥੇ ਮੈਨੂੰ ਇਹ ਨੋਟ ਮਿਲਿਆ, ਜੋ ਪਤਨੀ ਨੇ ਲਿਖਿਆ ਹੈ। ਉਹ ਆਪਣੇ ਮਾਤਾ-ਪਿਤਾ ਦੇ ਨਾਲ ਰਹਿਣ ਲਈ ਪੇਕੇ ਗਈ ਹੈ। ਉਸ ਨੇ ਲਿਖਿਆ ਹੈ ਕਿ 14 ਦਿਨ ਬਾਅਦ ਮਿਲਦੇ ਹਾਂ। ਮੈਕਲੇਨਾਘਨ ਦੀ ਪਤਨੀ ਨੇ ਨੋਟ ਵਿਚ ਲਿਖਿਆ ਹੈ ਕਿ ਇਸ ਤੋਂ ਵੀ ਬੁਰਾ ਹੋ ਸਕਦਾ ਸੀ। ਆਖ਼ਰ ਤੁਸੀਂ ਆਪਣੀ ਪਤਨੀ ਦੇ ਨਾਲ ਤਾਂ ਘਰ 'ਚ ਬੰਦ ਨਹੀਂ ਹੋ। ਬਹੁਤ ਸਾਰਾ ਪਿਆਰ। ਦਰਅਸਲ ਨਿਊਜ਼ੀਲੈਂਡ ਨੇ ਵਿਦੇਸ਼ ਤੋਂ ਮੁੜ ਰਹੇ ਲੋਕਾਂ ਲਈ 14 ਦਿਨਾ ਸੈਲਫ ਆਈਸੋਲੇਸ਼ਨ ਪਾਲਸੀ ਲਾਗੂ ਕਰ ਰੱਖੀ ਹੈ। ਇਸ ਤਹਿਤ ਇਸ ਕੀਵੀ ਤੇਜ਼ ਗੇਂਦਬਾਜ਼ ਨੇ ਵੀ ਖ਼ੁਦ ਨੂੰ ਵੱਖ ਰੱਖਣ ਦਾ ਫ਼ੈਸਲਾ ਲਿਆ।