ਲੰਡਨ (ਪੀਟੀਆਈ) : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਇਕ ਸਨਸਨੀਖੇਜ਼ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਸਾਲ 2000 ਵਿਚ ਸੈਂਚੂਰੀਅਨ ਵਿਚ ਖੇਡੇ ਗਏ ਟੈਸਟ ਮੈਚ ਵਿਚ ਉਨ੍ਹਾਂ ਨੂੰ ਇਹ ਗੱਲ ਕਾਫੀ ਅਜੀਬ ਲੱਗੀ ਜਦ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਹੈਂਸੀ ਕਰੋਨੀਏ ਨੇ ਉਨ੍ਹਾਂ ਦੀ ਟੀਮ ਨੂੰ ਮੈਚ ਜਿੱਤਣ ਦਾ ਮੌਕਾ ਦਿੱਤਾ ਸੀ। ਬਾਰਿਸ਼ ਕਾਰਨ ਇਹ ਮੈਚ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹਾਲਾਂਕਿ ਬਾਅਦ ਵਿਚ ਮੈਚ ਫਿਕਸਿੰਗ ਦੀ ਜਾਂਚ ਵੀ ਹੋਈ ਸੀ। ਮਾਈਕਲ ਵਾਨ ਉਸ ਸਮੇਂ ਨਵੇਂ ਖਿਡਾਰੀ ਵਜੋਂ ਇੰਗਲੈਂਡ ਦੀ ਟੀਮ ਨਾਲ ਜੁੜੇ ਸਨ। ਵਾਨ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲਿਖਿਆ ਕਿ ਮੈਚ ਫਿਕਸਿੰਗ ਬਾਰੇ ਮੈਂ ਕਦੀ ਨਹੀਂ ਸੋਚਿਆ ਸੀ। ਮੈਂ ਨੌਜਵਾਨ ਸੀ ਤੇ ਉਸ ਸਮੇਂ ਤੁਸੀਂ ਕਦੀ ਅਜਿਹਾ ਸੋਚ ਵੀ ਨਹੀਂ ਸਕਦੇ। ਉਂਝ ਮੇਰੇ ਦਿਮਾਗ਼ ਵਿਚ ਇਹ ਗੱਲ ਸੀ ਕਿ ਆਖ਼ਰ ਦੱਖਣੀ ਅਫਰੀਕਾ ਨੇ ਸਾਨੂੰ ਜਿੱਤਣ ਦਾ ਮੌਕਾ ਕਿਉਂ ਦਿੱਤਾ। ਉਸ ਸਮੇਂ ਕਰੋਨੀਏ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ ਦੀ ਟੀਮ ਆਪਣੀ ਖੇਡ ਵਿਚ ਚੋਟੀ 'ਤੇ ਸੀ। ਉਹ ਟੀਮ ਉਸ ਸਮੇਂ ਆਸਟ੍ਰੇਲੀਆ ਵਾਂਗ ਸੀ ਜਿਸ ਨੂੰ ਹਰਾਉਣਾ ਕਾਫੀ ਮੁਸ਼ਕਲ ਸੀ। ਵਾਨ ਨੇ ਲਿਖਿਆ ਕਿ ਉਹ ਸ਼ਾਨਦਾਰ ਟੀਮ ਸੀ ਤੇ ਵਿਰੋਧੀ ਟੀਮ ਨੂੰ ਸਖ਼ਤ ਚੁਣੌਤੀ ਦਿੰਦੇ ਸਨ। ਉਹ ਕਾਫੀ ਹੱਦ ਤਕ ਕੰਗਾਰੂ ਟੀਮ ਵਾਂਗ ਸਨ। ਇਸ ਦੇ ਬਾਵਜੂਦ ਵੀ ਉਹ ਅਜਿਹੇ ਕਰਾਰ ਲਈ ਤਿਆਰ ਹੋਏ। ਇਸ ਮੈਚ ਦੇ ਕੁਝ ਦਿਨਾਂ ਬਾਅਦ ਮੈਨੂੰ ਲੱਗਾ ਕਿ ਇਸ ਵਿਚ ਕਿਤੇ ਤਾਂ ਕੁਝ ਗ਼ਲਤ ਹੈ। ਜਨਵਰੀ ਵਿਚ ਖੇਡੇ ਗਏ ਇਸ ਟੈਸਟ ਮੈਚ ਤੋਂ ਬਾਅਦ ਮਾਰਚ ਵਿਚ ਦਿੱਲੀ ਪੁਲਿਸ ਨੇ ਕਰੋਨੀਏ ਖ਼ਿਲਾਫ਼ ਮੈਚ ਫਿਕਸਿੰਗ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਕਰੋਨੀਏ ਤੇ ਭਾਰਤੀ ਸੱਟੇਬਾਜ਼ ਵਿਚਾਲੇ ਗੱਲਬਾਤ ਨੂੰ ਵੀ ਜਾਰੀ ਕੀਤਾ ਸੀ।

ਨਾਸਿਰ ਹੁਸੈਨ ਦੀ ਕਪਤਾਨੀ 'ਚ ਸੀ ਪਹਿਲਾ ਦੌਰਾ :

ਵਾਨ ਨੇ ਕਿਹਾ ਕਿ ਉਸ ਤੋਂ ਕੁਝ ਮਹੀਨੇ ਬਾਅਦ ਮੈਂ ਉਸ ਸਮੇਂ ਹੈਰਾਨ ਹੋ ਗਿਆ ਜਦ ਮੈਨੂੰ ਪਤਾ ਲੱਗਾ ਕਿ ਸੱਟੇਬਾਜ਼ ਨਾਲ ਮਿਲੀਭੁਗਤ ਕਾਰਨ ਕਰੋਨੀਏ ਮੈਚ ਦਾ ਨਤੀਜਾ ਕੱਢਣ ਲਈ ਕੁਝ ਵੀ ਕਰਨ ਲਈ ਤਿਆਰ ਸਨ। ਨਾਸਿਰ ਹੁਸੈਨ ਦੀ ਕਪਤਾਨੀ ਵਿਚ ਇੰਗਲੈਂਡ ਦਾ ਇਹ ਪਹਿਲਾ ਦੌਰਾ ਸੀ ਜਿੱਥੇ ਟੀਮ ਵਿਚ ਕਈ ਨੌਜਵਾਨ ਤੇ ਗ਼ੈਰ ਤਜਰਬੇਕਾਰ ਖਿਡਾਰੀ ਸਨ। ਸੈਂਚੂਰੀਅਨ ਵਿਚ ਖੇਡੇ ਗਏ ਸੀਰੀਜ਼ ਦੇ ਆਖ਼ਰੀ ਮੈਚ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ 2-0 ਨਾਲ ਅੱਗੇ ਸੀ।

75 ਓਵਰਾਂ 'ਚ ਮਿਲਿਆ ਸੀ 245 ਦੌੜਾਂ ਦਾ ਟੀਚਾ

ਮਾਈਕਲ ਮੁਤਾਬਕ ਇਸ ਮੁਕਾਬਲੇ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਲਗਾਤਾਰ 14 ਟੈਸਟ ਮੈਚਾਂ ਵਿਚ ਅਜੇਤੂ ਰਹੀ ਸੀ। ਬਾਰਿਸ਼ ਕਾਰਨ ਮੈਚ ਦਾ ਨਤੀਜਾ ਕੱਢਣ ਲਈ ਦੋਵਾਂ ਟੀਮਾਂ ਨੇ ਇਕ-ਇਕ ਪਾਰੀ ਨੂੰ ਬਿਨਾਂ ਖੇਡੇ ਐਲਾਨ ਦਿੱਤਾ। ਇੰਗਲੈਂਡ ਨੂੰ ਜਿੱਤਣ ਲਈ 75 ਓਵਰਾਂ ਵਿਚ 245 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਟੀਮ ਨੇ ਦੋ ਵਿਕਟਾਂ ਬਾਕੀ ਰਹਿੰਦੇ ਹਾਸਲ ਕਰ ਲਿਆ। ਛੇਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਆਏ ਵਾਨ ਨੇ 69 ਦੌੜਾਂ ਬਣਾਈਆਂ ਸਨ।