ਨਵੀਂ ਦਿੱਲੀ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਆਸਟ੍ਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਵਿਚਾਲੇ 16 ਟੀਮਾਂ ਦਾ ਟੂਰਨਾਮੈਂਟ ਤਰਕ ਦੇ ਆਧਾਰ 'ਤੇ ਬੁਰਾ ਸੁਪਨਾ ਸਾਬਤ ਹੋ ਸਕਦਾ ਹੈ।

ਕ੍ਰਿਕਟ ਆਸਟ੍ਰੇਲੀਆ (ਸੀਏ) ਪਹਿਲਾਂ ਹੀ ਕਹਿ ਚੁੱਕਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਟੀ-20 ਵਿਸ਼ਵ ਕੱਪ ਕਰਵਾਉਣਾ ਥੋੜ੍ਹਾ ਮੁਸ਼ਕਲ ਹੈ ਪਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਇਸ 'ਤੇ ਅਜੇ ਫ਼ੈਸਲਾ ਕਰਨਾ ਹੈ। ਹਸੀ ਨੂੰ ਵੀ ਇਸ ਸਾਲ ਟੂਰਨਾਮੈਂਟ ਨੂੰ ਕਰਵਾਉਣ ਦੀ ਸੰਭਾਵਨਾ ਨਹੀਂ ਦਿਖਾਈ ਦਿੰਦੀ।

ਹਸੀ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਟੀ-20 ਵਿਸ਼ਵ ਕੱਪ ਬਾਰੇ ਥੋੜ੍ਹਾ ਡਰਿਆ ਹੋਇਆ ਹਾਂ ਤੇ ਇਸ ਪਿੱਛੇ ਕਾਰਨ ਹੈ ਕਿ ਮੈਨੂੰ ਲਗਦਾ ਹੈ ਕਿ ਇਕ ਟੀਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਲਈ ਲਿਆਉਣਾ ਠੀਕ ਹੈ ਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਣਾ, ਸੁਰੱਖਿਅਤ ਰੱਖ ਕੇ ਸੀਰੀਜ਼ ਦੀ ਚੰਗੀ ਤਿਆਰੀ ਕਰਵਾਉਣਾ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਪਰ ਕਈ ਟੀਮਾਂ ਨੂੰ ਲਿਆਉਣਾ ਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖ ਕੇ ਤਿਆਰੀ ਕਰਵਾਉਣਾ ਤੇ ਫਿਰ ਦੇਸ਼ ਵਿਚ ਵੱਖ-ਵੱਖ ਥਾਵਾਂ ਤਕ ਲਿਜਾਣਾ, ਮੈਨੂੰ ਲਗਦਾ ਹੈ ਕਿ ਇਹ ਸਭ ਤਰਕ ਦੇ ਆਧਾਰ 'ਤੇ ਸਹੀ ਨਹੀਂ ਹੋਵੇਗਾ। ਅਸੀਂ ਜੋ ਸੁਣ ਰਹੇ ਹਾਂ ਉਸ ਨਾਲ ਸ਼ਾਇਦ ਟੀ-20 ਵਿਸ਼ਵ ਕੱਪ ਨੂੰ 2021 ਜਾਂ ਫਿਰ 2022 ਤਕ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ ਤੇ ਹਸੀ ਮੁਤਾਬਕ ਇਸ ਦੇ ਯੋਜਨਾ ਮੁਤਾਬਕ ਹੋਣ ਦੀ ਸੰਭਾਵਨਾ ਹੈ।