ਸਿਡਨੀ (ਏਐੱਫਪੀ) : ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਨੇ ਮੱਧ ਕ੍ਰਮ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੂੰ ਸ੍ਰੀਲੰਕਾ ਤੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੀ ਅਗਲੀ ਟੀ-20 ਸੀਰੀਜ਼ ਲਈ ਮੇਂਟਰ ਦੇ ਰੂਪ ਵਿਚ ਟੀਮ ਦੇ ਸਹਿਯੋਗੀ ਸਟਾਫ ਨਾਲ ਜੋੜਿਆ ਹੈ। ਹਸੀ ਟੀਮ ਨਾਲ ਜੁੜਨ ਵਾਲੇ ਤੀਜੇ ਦਿੱਗਜ ਹਨ।

ਇਸ ਤੋਂ ਪਹਿਲਾਂ ਵਨ ਡੇ ਵਿਸ਼ਵ ਕੱਪ ਦੌਰਾਨ ਰਿੱਕੀ ਪੋਂਟਿੰਗ ਟੀਮ ਨਾਲ ਜੁੜੇ ਸਨ ਜਦਕਿ ਇੰਗਲੈਂਡ ਵਿਚ ਐਸ਼ੇਜ਼ ਸੀਰੀਜ਼ ਦੌਰਾਨ ਸਟੀਵ ਵਾਅ ਨੇ ਟੀਮ ਦੀ ਮਦਦ ਕੀਤੀ ਸੀ। ਮਿਸਟਰ ਕ੍ਰਿਕਟ ਦਾ ਉੱਪ ਨਾਂ ਹਾਸਲ ਕਰਨ ਵਾਲੇ ਹਸੀ ਨੇ ਕਿਹਾ ਕਿ ਮੈਂ ਅਸਲ ਵਿਚ ਬਹੁਤ ਉਤਸ਼ਾਹਤ ਹਾਂ। ਮੈਂ ਆਸਟ੍ਰੇਲੀਆਈ ਟੀਮ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਤ ਹਾਂ।

ਆਸਟ੍ਰੇਲੀਆ ਗਰਮੀਆਂ ਦੇ ਆਪਣੇ ਸੈਸ਼ਨ ਦੇ ਸ਼ੁਰੂ ਵਿਚ ਸ੍ਰੀਲੰਕਾ ਤੇ ਪਾਕਿਸਤਾਨ ਖ਼ਿਲਾਫ਼ ਤਿੰਨ-ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੇਗਾ। ਲੈਂਗਰ ਨੇ ਇਸ ਤੋਂ ਪਹਿਲਾਂ ਟੈਸਟ ਤੇਜ਼ ਗੇਂਦਬਾਜ਼ ਰਿਆਨ ਹੈਰਿਸ ਨੂੰ ਸੀਰੀਜ਼ ਲਈ ਗੇਂਦਬਾਜ਼ੀ ਕੋਚ ਬਣਾਇਆ ਸੀ।