ਨਵੀਂ ਦਿੱਲੀ (ਆਈਏਐੱਨਐੱਸ) : ਆਈਪੀਐੱਲ-12 ਵਿਚ ਆਪਣੀ ਬਿਹਤਰੀਨ ਤੇਜ਼ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਮੁੰਬਈ ਇੰਡੀਅਨਜ਼ ਦੇ 17 ਸਾਲ ਦੇ ਤੇਜ਼ ਗੇਂਦਬਾਜ਼ ਰਸਿਖ ਸਲਾਮ ਉਮਰ ਨੂੰ ਲੈ ਕੇ ਵਿਵਾਦਾਂ ਵਿਚ ਪੈ ਗਏ ਹਨ। ਜੰਮੂ ਅਤੇ ਕਸ਼ਮੀਰ ਰਾਜ ਸਕੂਲ ਸਿੱਖਿਆ ਬੋਰਡ ਨੇ ਸੂਬਾਈ ਕ੍ਰਿਕਟ ਸੰਘ ਨੂੰ ਦੱਸਿਆ ਹੈ ਕਿ ਰਸਿਖ ਨੇ ਆਪਣੀ ਉਮਰ ਨਾਲ ਫਰਜ਼ੀਵਾੜਾ ਕੀਤਾ ਹੈ। ਬੋਰਡ ਨੇ ਜੰਮੂ ਅਤੇ ਕਸ਼ਮੀਰ ਕ੍ਰਿਕਟ ਸੰਘ (ਜੇਕੇਸੀਏ) ਨੂੰ ਪੱਤਰ ਲਿਖ ਕੇ ਕਿਹਾ ਕਿ ਰਸਿਖ ਨੇ ਜੋ ਉਮਰ ਕ੍ਰਿਕਟ ਬੋਰਡ ਨੂੰ ਦੱਸੀ ਹੈ, ਉਹ ਸਕੂਲ ਦੇ ਰਿਕਾਰਡ ਨਾਲ ਮੇਲ ਨਹੀਂ ਖਾਧੀ। ਜੇਕੇਸੀਏ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਕਿਹਾ ਹੈ ਕਿ ਇਸ 'ਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਬੋਰਡ ਇਸ ਮਸਲੇ ਨੂੰ ਦੇਖੇ। ਰਸਿਖ ਨੂੰ ਨੌਂ ਜੂਨ ਨੂੰ ਇੰਗਲੈਂਡ ਨਾਲ ਹੋਣ ਵਾਲੀ ਤਿਕੋਣੀ ਸੀਰੀਜ਼ ਵਿਚ ਭਾਰਤ ਦੀ ਅੰਡਰ-19 ਟੀਮ ਵਿਚ ਚੁਣਿਆ ਗਿਆ ਸੀ। ਇਸ ਵਿਚ ਭਾਰਤ ਤੇ ਇੰਗਲੈਂਡ ਤੋਂ ਇਲਾਵਾ ਬੰਗਲਾਦੇਸ਼ ਦੀ ਅੰਡਰ-19 ਟੀਮ ਵੀ ਹਿੱਸਾ ਲੈ ਰਹੀ ਹੈ। ਜੇਕੇਸੀਏ ਦੇ ਇਕ ਸਾਬਕਾ ਮੈਂਬਰ ਨੇ ਕਿਹਾ ਕਿ ਸੰਘ ਵਿਚ ਮੌਜੂਦਾ ਪ੍ਰਸਾਸਕਾਂ ਦੇ ਰਹਿੰਦੇ ਅਜਿਹੀ ਚੀਜ਼ ਹੋਣਾ ਦੁੱਖ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਦੋ ਪ੍ਰਸ਼ਾਸਕ ਹਨ ਤੇ ਅਜਿਹੀਆਂ ਚੀਜ਼ਾਂ ਉਨ੍ਹਾਂ ਦੀ ਮੌਜੂਦਗੀ ਵਿਚ ਹੋਣਾ ਚੰਗੀ ਗੱਲ ਨਹੀਂ ਹੈ। ਉਨ੍ਹਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਖਿਡਾਰੀ ਆਪਣੀ ਉਮਰ ਨਾਲ ਖਿਲਵਾੜ ਨਾ ਕਰਨ ਕਿਉਂਕਿ ਇਹ ਪਾਪ ਹੈ, ਨਾਲ ਹੀ ਅਜਿਹਾ ਕਰਨ ਨਾਲ ਨੌਜਵਾਨ ਆਪਣੇ ਸਾਹਮਣੇ ਆਉਣ ਵਾਲੇ ਮੌਕੇ ਗੁਆ ਬੈਠਣਗੇ।

ਦੋ ਸੈਸ਼ਨਾਂ ਲਈ ਲੱਗ ਸਕਦੀ ਹੈ ਪਾਬੰਦੀ :

ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਨੇ 18 ਮਈ ਨੂੰ ਮੀਟਿੰਗ ਵਿਚ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਖਿਡਾਰੀ ਜੇ ਆਪਣੀ ਉਮਰ ਨਾਲ ਫਰਜ਼ੀਵਾੜਾ ਕਰਦੇ ਹੋਏ ਪਾਇਆ ਗਿਆ ਤਾਂ ਉਸ 'ਤੇ ਦੋ ਸੈਸ਼ਨਾਂ ਲਈ ਪਾਬੰਦੀ ਲਾਈ ਜਾ ਸਕਦੀ ਹੈ ਤੇ ਉਸ ਖ਼ਿਲਾਫ਼ ਅਪਰਾਧਕ ਮੁਕੱਦਮਾ ਦਾਖ਼ਲ ਕੀਤਾ ਜਾ ਸਕਦਾ ਹੈ। ਇਸ ਨੂੰ ਦੇਖਦੇ ਹੋਏ ਨੌਜਵਾਨ ਰਸਿਖ ਮੁਸੀਬਤ ਵਿਚ ਫਸ ਸਕਦੇ ਹਨ।