ਲੰਡਨ (ਏਪੀ) : ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਬ੍ਰੈਂਡਨ ਮੈਕੁਲਮ ਨੂੰ ਵੀਰਵਾਰ ਨੂੰ ਇੰਗਲੈਂਡ ਟੈਸਟ ਕਿ੍ਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲਰਾਊਂਡਰ ਬੇਨ ਸਟੋਕਸ ਨੂੰ ਕਪਤਾਨ ਚੁਣਨ ਦੇ ਫੈਸਲੇ ਤੋਂ ਬਾਅਦ ਇਹ ਨਿਯੁਕਤੀ ਕੀਤੀ ਗਈ ਹੈ। ਮੈਕੁਲਮ ਤੋਂ ਪਹਿਲਾਂ ਕਿ੍ਸ ਸਿਲਵਰਵੁੱਡ ਇੰਗਲੈਂਡ ਟੈਸਟ ਟੀਮ ਦੇ ਕੋਚ ਸਨ।

40 ਸਾਲਾ ਮੈਕੁਲਮ ਇਸ ਸਮੇਂ ਆਈਪੀਐੱਲ ਟੀਮ ਕੇਕੇਆਰ ਦੇ ਕੋਚ ਹਨ। ਉਸ ਨੇ 2019 ਵਿਚ ਕਿ੍ਕਟ ਤੋਂ ਸੰਨਿਆਸ ਲੈ ਲਿਆ ਅਤੇ ਕਦੇ ਵੀ ਟੈਸਟ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਨਹੀਂ ਸੰਭਾਲੀ। ਟੈਸਟ ਕਿ੍ਕਟ 'ਚ ਨਿਊਜ਼ੀਲੈਂਡ ਟੀਮ ਦੇ ਵਧਦੇ ਦਬਦਬੇ ਪਿੱਛੇ ਮੈਕੁਲਮ ਦੀ ਵੱਡੀ ਭੂਮਿਕਾ ਰਹੀ ਹੈ। ਟੀਮ ਨੇ ਪਿਛਲੇ ਸਾਲ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਸੀ।