ਚੇੱਨਈ (ਪੀਟੀਆਈ) : ਟੈਸਟ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਭਾਰਤੀ ਓਪਨਰ ਮਯੰਕ ਅਗਰਵਾਲ ਹੁਣ ਵਨ ਡੇ ਵਿਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

ਮਯੰਕ ਨੂੰ ਜ਼ਖ਼ਮੀ ਸ਼ਿਖਰ ਧਵਨ ਦੀ ਥਾਂ ਵੈਸਟਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਐੱਮਏ ਚਿਦੰਬਰਮ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਮਯੰਕ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨਾਲ ਗੱਲਬਾਤ ਕਰ ਰਹੇ ਹਨ। ਮਯੰਕ ਨੇ ਕਿਹਾ ਕਿ ਜੇ ਮੈਂ ਅੱਗੇ ਵੀ ਇਸੇ ਤਰ੍ਹਾਂ ਖੇਡਦਾ ਰਿਹਾ ਤਾਂ ਇਹ ਮੇਰੇ ਲਈ ਚੰਗਾ ਹੋਵੇਗਾ ਕਿਉਂਕਿ ਮੈਨੂੰ ਖਾਲੀ ਬੈਠਣ ਦੀ ਥਾਂ ਕ੍ਰਿਕਟ ਖੇਡਣ ਦਾ ਮੌਕਾ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਜਦ ਫਾਰਮੈਟ ਵਿਚ ਤਬਦੀਲੀ ਕਾਰਨ ਮਾਨਸਿਕਤਾ ਬਦਲਣ ਦੀ ਗੱਲ ਆਉਂਦੀ ਹੈ ਤਾਂ ਤੁਹਾਡਾ ਬੇਸਿਕਸ (ਸੁਭਾਵਿਕ ਖੇਡ) ਉਹੀ ਰਹਿੰਦਾ ਹੈ। ਜੇ ਤੁਹਾਡਾ ਗੇਮ ਪਲਾਨ ਸਪੱਸ਼ਟ ਹੈ ਤਾਂ ਖ਼ੁਦ ਨੂੰ ਵੱਖ-ਵੱਖ ਫਾਰਮੈਟ ਮੁਤਾਬਕ ਢਾਲਣਾ ਸੌਖਾ ਹੁੰਦਾ ਹੈ ਤੇ ਖੇਡ ਨੂੰ ਲੈ ਕੇ ਤੁਹਾਡੀ ਸੋਚ ਸਪੱਸ਼ਟ ਹੁੰਦੀ ਹੈ। ਮਯੰਕ ਨੇ ਹੁਣ ਤਕ ਨੌਂ ਟੈਸਟ ਮੈਚਾਂ ਵਿਚ ਤਿੰਨ ਸੈਂਕੜੇ ਲਾਏ ਹਨ। ਇਨ੍ਹਾਂ ਤਿੰਨਾਂ ਸੈਂਕੜਿਆਂ ਵਿਚ ਦੋ ਦੋਹਰੇ ਸੈਂਕੜੇ ਵੀ ਸ਼ਾਮਲ ਹਨ।

ਟੀਮ 'ਚ ਯੋਗਦਾਨ ਦੇਣ ਦੀ ਰਹਿੰਦੀ ਹੈ ਸੋਚ :

ਮਯੰਕ ਨੇ ਕਿਹਾ ਕਿ ਮੈਂ ਕਿਤੇ ਵੀ ਖੇਡਾਂ, ਹਮੇਸ਼ਾ ਇਹੀ ਸੋਚਦਾ ਹਾਂ ਕਿ ਆਪਣੀ ਟੀਮ ਲਈ ਕਿਵੇਂ ਯੋਗਦਾਨ ਦੇ ਸਕਦਾ ਹਾਂ। ਜੇ ਮੈਂ ਦੌੜਾਂ ਨਾ ਬਣਾ ਸਕਾਂ ਤਾਂ ਮੈਂ ਫੀਲਡਿੰਗ ਵਿਚ ਯੋਗਦਾਨ ਦੇਣ ਬਾਰੇ ਸੋਚਦਾ ਹਾਂ। ਮੈਦਾਨ 'ਤੇ ਜ਼ਿਆਦਾ ਊਰਜਾ ਲੈ ਕੇ ਆਉਂਦਾ ਹਾਂ।