ਚੇਨਈ (ਪੀਟੀਆਈ) : ਮੁੱਖ ਕੋਚ ਸਾਈਮਨ ਕੈਟਿਚ ਨੂੰ ਲਗਦਾ ਹੈ ਕਿ ਗਲੇਨ ਮੈਕਸਵੈਲ ਆਰਸੀਬੀ ਲਈ ਬਹੁਤ ਉਪਯੋਗੀ ਖਿਡਾਰੀ ਸਾਬਤ ਹੋਣਗੇ ਜਿਨ੍ਹਾਂ ਨੇ ਆਈਪੀਐੱਲ ਦੀ ਸ਼ੁਰੂਆਤ ਤੋਂ ਹੀ ਬੱਲੇ ਨਾਲ ਸ਼ਾਨਦਾਰ ਲੈਅ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਆਰਸੀਬੀ ਨੇ ਖਿਡਾਰੀਆਂ ਦੀ ਨਿਲਾਮੀ ਦੌਰਾਨ ਸੀਐੱਸਕੇ ਦੇ ਨਾਲ ਬੋਲੀ ਲਾਉਣ ਦੀ ਦੌੜ ਤੋਂ ਬਾਅਦ 14.25 ਕਰੋੜ ਰੁਪਏ ਵਿਚ 32 ਸਾਲ ਦੇ ਆਸਟ੍ਰੇਲਿਆਈ ਖਿਡਾਰੀ ਨੂੰ ਖ਼ਰੀਦਿਆ ਸੀ ਤੇ ਉਨ੍ਹਾਂ ਨੇ ਇਸ ਸੈਸ਼ਨ ਵਿਚ ਟੀਮ ਦੀਆਂ ਲਗਾਤਾਰ ਦੋ ਜਿੱਤਾਂ ਵਿਚ ਦੋ ਮੈਚ ਜੇਤੂ ਪਾਰੀਆਂ ਖੇਡ ਕੇ ਖ਼ੁਦ 'ਤੇ ਯਕੀਨ ਨੂੰ ਵੀ ਸਹੀ ਸਾਬਤ ਕੀਤਾ। ਕੈਟਿਚ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਵਚਨਬੱਧਤਾ ਦਿਖਾਈ ਖ਼ਾਸ ਕਰ ਕੇ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼, ਜਦ ਦੂਜੇ ਪਾਸੇ ਵਿਕਟਾਂ ਡਿੱਗ ਰਹੀਆਂ ਸਨ ਤਾਂ ਉਨ੍ਹਾਂ ਨੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਿਝਆ ਤੇ ਚੰਗੀ ਪਾਰੀ ਖੇਡੀ ਤੇ ਅੰਤ ਵਿਚ ਜਦ ਸਾਨੂੰ ਕੁਝ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਲੋੜ ਸੀ ਤਾਂ ਉਨ੍ਹਾਂ ਨੇ ਅਜਿਹਾ ਕੀਤਾ। ਇਸ ਦਾ ਮਾਣ ਉਨ੍ਹਾਂ ਦੇ ਤਜਰਬੇ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸੰਯੁਕਤ ਅਰਬ ਅਮੀਰਾਤ ਵਿਚ ਖੇਡੇ ਗਏ 2020 ਆਈਪੀਐੱਲ ਵਿਚ ਮੈਕਸਵੈਲ ਪੰਜਾਬ ਕਿੰਗਜ਼ ਨਾਲ ਸਨ ਪਰ ਉਨ੍ਹਾਂ ਦਾ ਪ੍ਰਦਰਸਨ ਕਾਫੀ ਖ਼ਰਾਬ ਰਿਹਾ ਸੀ ਤੇ ਉਨ੍ਹਾਂ ਨੇ 13 ਮੈਚਾਂ ਵਿਚ 108 ਦੌੜਾਂ ਬਣਾਈਆਂ ਸਨ।