ਮੈਲਬੌਰਨ (ਪੀਟੀਆਈ) : ਆਸਟ੍ਰੇਲੀਆਈ ਵਿਕਟਕੀਪਰ ਮੈਥਿਊ ਵੇਡ ਦਾ ਮੰਨਣਾ ਹੈ ਕਿ ਅਗਲੇ ਆਸਟ੍ਰੇਲੀਆਈ ਦੌਰੇ 'ਤੇ ਭਾਰਤ ਦਾ ਮਜ਼ਬੂਤ ਤੇਜ਼ ਹਮਲਾ ਬਾਊਂਸਰ ਸੁੱਟਣ ਵਾਲੇ ਨਿਊਜ਼ੀਲੈਂਡ ਦੇ ਨੀਲ ਵੈਗਨਰ ਵਾਂਗ ਅਸਰਦਾਰ ਨਹੀਂ ਹੋਵੇਗਾ। ਵੈਗਨਰ ਨੇ ਪਿਛਲੇ ਸੈਸ਼ਨ ਵਿਚ ਟੈਸਟ ਸੀਰੀਜ਼ ਦੌਰਾਨ ਆਸਟ੍ਰੇਲੀਆਈ ਬੱਲੇਬਾਜ਼ਾਂ 'ਤੇ ਬਾਊਂਸਰਾਂ ਦਾ ਮੀਂਹ ਵਰ੍ਹਾ ਦਿੱਤਾ ਸੀ। ਉਨ੍ਹਾਂ ਨੇ ਸਟੀਵ ਸਮਿਥ, ਡੇਵਿਡ ਵਾਰਨਰ ਤੇ ਮਾਰਨਸ ਲਾਬੂਸ਼ਾਨੇ ਨੂੰ ਮਿਲਾ ਕੇ 10 ਵਾਰ ਆਊਟ ਕੀਤਾ ਸੀ।

ਭਾਰਤੀ ਟੀਮ ਨੇ ਸਾਲ ਦੇ ਆਖ਼ਰ ਵਿਚ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ। ਵੇਡ ਨੇ ਕਿਹਾ ਕਿ ਟੀਮਾਂ ਕੋਸ਼ਿਸ਼ ਕਰ ਸਕਦੀਆਂ ਹਨ ਪਰ ਮੈਨੂੰ ਨਹੀਂ ਲਗਦਾ ਕਿ ਉਹ ਕਾਮਯਾਬ ਹੋਣਗੀਆਂ। ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਓਨੇ ਬਾਊਂਸਰ ਸੁੱਟੇ ਹੋਣਗੇ ਜਿੰਨੇ ਵੈਗਨਰ ਨੇ ਤੇ ਉਹ ਵੀ ਲਗਾਤਾਰ। ਉਨ੍ਹਾਂ ਨੇ ਵਿਕਟਾਂ ਵੀ ਹਾਸਲ ਕੀਤੀਆਂ। ਭਾਰਤੀ ਗੇਂਦਬਾਜ਼ ਵੀ ਕੋਸ਼ਿਸ਼ ਕਰਨਗੇ ਪਰ ਮੈਨੂੰ ਨਹੀਂ ਲਗਦਾ ਕਿ ਉਹ ਓਨੇ ਅਸਰਦਾਰ ਹੋਣਗੇ। ਵੈਗਨਰ ਕੋਲ ਤਜਰਬਾ ਹੈ। ਮੈਂ ਅਜਿਹਾ ਗੇਂਦਬਾਜ਼ ਨਹੀਂ ਦੇਖਿਆ ਜੋ ਇੰਨੇ ਸਟੀਕ ਬਾਊਂਸਰ ਸੁੱਟਦਾ ਹੋਵੇ। ਵੇਡ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਟੀਮ ਖ਼ਿਲਾਫ਼ ਸੀਰੀਜ਼ ਟਿਮ ਪੇਨ ਦੀ ਟੀਮ ਲਈ ਸਭ ਤੋਂ ਔਖੀਆਂ ਚੁਣੌਤੀਆਂ ਵਿਚੋਂ ਇਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਇਸ ਦੀ ਉਡੀਕ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਭਾਰਤੀ ਟੀਮ ਪੇਸ਼ ਕਰਦੀ ਹੈ ਬਹੁਤ ਮੁਸ਼ਕਲ ਚੁਣੌਤੀ

ਵੇਡ ਨੇ ਕਿਹਾ ਕਿ ਭਾਰਤੀ ਟੀਮ ਹਮਲਾਵਰ ਹੈ ਤੇ ਕਾਫੀ ਬਹੁਤ ਮੁਸ਼ਕਲ ਚੁਣੌਤੀ ਪੇਸ਼ ਕਰਦੀ ਹੈ। ਮੈਦਾਨ 'ਤੇ ਵਿਰਾਟ ਕੋਹਲੀ ਨੂੰ ਹੀ ਦੇਖ ਲਵੋ। ਉਹ ਜਿੱਤ ਦੇ ਇਰਾਦੇ ਨਾਲ ਉਤਰਦੇ ਹਨ ਤੇ ਸਾਰਿਆਂ ਵਿਚ ਜੋਸ਼ ਭਰਦੇ ਹਨ। ਇਹ ਬਹੁਤ ਵੱਡੀ ਚੁਣੌਤੀ ਹੋਵੇਗੀ।