ਰਾਜਕੋਟ (ਪੀਟੀਆਈ) : ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਜਦ ਈਰਾਨੀ ਕੱਪ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਇੱਥੇ ਸੌਰਾਸ਼ਟਰ ਵੱਲੋਂ ਰੈਸਟ ਆਫ ਇੰਡੀਆ ਖ਼ਿਲਾਫ਼ ਉਤਰਨਗੇ ਤਾਂ ਉਹ ਅਸਰਦਾਰ ਪਾਰੀ ਖੇਡ ਕੇ ਰਾਸ਼ਟਰੀ ਟੀਮ ਦੀਆਂ ਯੋਜਨਾਵਾਂ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰਨਗੇ। ਮੱਧ ਪ੍ਰਦੇਸ਼ 2021-22 ਰਣਜੀ ਟਰਾਫੀ ਚੈਂਪੀਅਨ ਹੈ ਪਰ ਸੌਰਾਸ਼ਟਰ 2019-20 ਚੈਂਪੀਅਨ ਹੋਣ ਕਾਰਨ ਈਰਾਨੀ ਟਰਾਫੀ ਦਾ ਇਹ ਮੈਚ ਖੇਡ ਰਿਹਾ ਹੈ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਲਗਾਤਾਰ ਦੋ ਸੈਸ਼ਨਾਂ ਤਕ ਇਹ ਮੁਕਾਬਲਾ ਨਹੀਂ ਹੋ ਸਕਿਆ ਸੀ। ਉਹ ਦਿਨ ਗਏ ਜਦ ਰੈਸਟ ਆਫ ਇੰਡੀਆ ਬਨਾਮ ਰਣਜੀ ਚੈਂਪੀਅਨ ਦਾ ਮੁਕਾਬਲਾ ਰਾਸ਼ਟਰੀ ਟੀਮ ਦੇ ਟਰਾਇਲ ਮੁਕਾਬਲੇ ਵਾਂਗ ਹੋਇਆ ਕਰਦਾ ਸੀ ਜਿੱਥੇ ਚੰਗਾ ਪ੍ਰਦਰਸ਼ਨ ਕਰਨ 'ਤੇ ਰਾਸ਼ਟਰੀ ਟੀਮ 'ਚ ਥਾਂ ਮਿਲਣਾ ਪੱਕਾ ਮੰਨਿਆ ਜਾਂਦਾ ਸੀ। ਸੌਰਾਸ਼ਟਰ ਟੀਮ ਕੋਲ ਪੁਜਾਰਾ ਦੇ ਰੂਪ ਵਿਚ ਤਜਰਬੇਕਾਰ ਟੈਸਟ ਖਿਡਾਰੀ ਹੈ ਜੋ ਬੰਗਲਾਦੇਸ਼ ਵਿਚ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਟੀਮ ਵਿਚ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੁਣਗੇ।

Posted By: Gurinder Singh