ਆਕਲੈਂਡ (ਏਜੰਸੀ) : ਨਿਊਜ਼ੀਲੈਂਡ ਕ੍ਰਿਕਟ ਟੀਮ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਬੁੱਧਵਾਰ ਤੋਂ ਖੇਡੇਗੀ। ਇਸ ਲਈ ਕੀਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨ ਡੇ ਟੀਮ ਵਿਚ ਮਾਰਟਿਨ ਗੁਪਟਿਲ ਦੀ ਵਾਪਸੀ ਹੋਈ ਹੈ ਜੋ ਇੰਜਰੀ ਕਾਰਨ ਭਾਰਤ ਖ਼ਿਲਾਫ਼ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚੋਂ ਬਾਹਰ ਹੋ ਗਏ ਸਨ। ਗੁਪਟਿਲ ਹੁਣ 14 ਮੈਂਬਰੀ ਵਨ ਡੇ ਟੀਮ ਦਾ ਹਿੱਸਾ ਹਨ। ਹਾਲਾਂਕਿ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਫਿਟਨੈੱਸ ਟੈਸਟ ਦੇਣਾ ਪਵੇਗਾ। ਇਸ ਵਨ ਡੇ ਟੀਮ ਵਿਚ ਸਪਿੰਨਰ ਈਸ਼ ਸੋਢੀ ਤੇ ਡਗ ਬੇ੍ਸਵੇਲ ਨੂੰ ਨਹੀਂ ਚੁਣਿਆ ਗਿਆ ਹੈ ਜਦਕਿ ਕੋਲਿਨ ਮੁਨਰੋ ਸਿਰਫ਼ ਇਕ ਮਤਲਬ ਕਿ ਆਖ਼ਰੀ ਵਨ ਡੇ ਮੈਚ ਲਈ ਹੀ ਟੀਮ ਵਿਚ ਸ਼ਾਮਲ ਹੋਣਗੇ। ਆਖ਼ਰੀ ਮੈਚ ਵਿਚ ਮੁਨਰੋ ਕਪਤਾਨ ਕੇਨ ਵਿਲੀਅਮਸਨ ਦੀ ਥਾਂ ਲੈਣਗੇ। ਕੇਨ ਨੂੰ ਤੀਜੇ ਵਨ ਡੇ ਮੈਚ ਵਿਚ ਆਰਾਮ ਦਿੱਤਾ ਜਾਵੇਗਾ। ਵਿਲੀਅਮਸਨ ਦੀ ਗ਼ੈਰਮੌਜੂਦਗੀ ਵਿਚ ਟਾਮ ਲਾਥਮ ਕਪਤਾਨੀ ਦੀ ਜ਼ਿੰਮੇਵਾਰੀ ਨਿਭਾਉਣਗੇ।

ਟੀਮ ਦੇ ਚੋਣਕਾਰ ਗੇਵਿਨ ਲਾਰਸਨ ਨੇ ਕਿਹਾ ਕਿ ਇਸ ਵਨ ਡੇ ਸੀਰੀਜ਼ ਲਈ ਮਾਰਟਿਨ ਦੀ ਟੀਮ ਵਿਚ ਵਾਪਸੀ ਹੋਈ ਹੈ ਤੇ ਇਹ ਕਾਫੀ ਖ਼ੁਸ਼ੀ ਦੀ ਗੱਲ ਹੈ। ਉਹ ਟੀਮ ਦਾ ਅਹਿਮ ਹਿੱਸਾ ਹਨ ਤੇ ਵਿਸ਼ਵ ਪੱਧਰੀ ਖਿਡਾਰੀ ਹਨ। ਉਨ੍ਹਾਂ ਨੇ ਹੈਮਿਲਨਟ ਵਿਚ ਭਾਰਤ ਖ਼ਿਲਾਫ਼ ਹੈਨਰੀ ਨਿਕੋਲਸ ਨਾਲ ਮਿਲ ਕੇ ਚੰਗੀ ਪਾਰੀ ਖੇਡੀ ਸੀ ਤੇ ਤੀਜੇ ਮੈਚ ਵਿਚ ਕੋਲਿਨ ਦੀ ਵਾਪਸੀ ਨਾਲ ਅਸੀਂ ਸੀਰੀਜ਼ ਵਿਚ ਉਨ੍ਹਾਂ ਦੀ ਜੋੜੀ ਦਾ ਪ੍ਦਰਸ਼ਨ ਇਕ ਵਾਰ ਮੁੜ ਦੇਖਣਾ ਚਾਹੁੰਦੇ ਹਾਂ। ਕਪਤਾਨ ਕੇਨ ਨੂੰ ਤੀਜੇ ਮੁਕਾਬਲੇ ਲਈ ਆਰਾਮ ਦਿੱਤਾ ਗਿਆ ਹੈ। ਸੀਰੀਜ਼ ਦਾ ਪਹਿਲਾ ਵਨ ਡੇ ਮੈਚ 13 ਫਰਵਰੀ ਨੂੰ ਨੇਪੀਅਰ ਵਿਚ ਖੇਡਿਆ ਜਾਵੇਗਾ।

ਨਿਊਜ਼ੀਲੈਂਡ ਦੀ ਵਨ ਡੇ ਟੀਮ

ਕੇਨ ਵਿਲੀਅਮਸਨ (ਕਪਤਾਨ), ਟਾਡ ਐਸਟਲ, ਟ੍ੇਂਟ ਬੋਲਟ, ਕਾਲਿਨ ਡੀ ਗਰੈਂਡਹੋਮ, ਲਾਕੀ ਫਰਗਿਊਸਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਕੋਲਿਨ ਮੁਨਰੋ, ਜਿਮੀ ਨੀਸ਼ਮ, ਹੈਨਰੀ ਨਿਕੋਲਸ, ਰਾਸ ਟੇਲਰ, ਮਿਸ਼ੇਲ ਸੈਂਟਨਰ, ਟਿਮ ਸਾਊਦੀ।