ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਮਾਰਕਸ ਸਟਾਇਨਿਸ ਨੇ ਆਪਣੀ ਘਰੇਲੂ ਟੀ-20 ਲੀਗ ਦੌਰਾਨ ਆਪਣਾ ਆਪਾ ਗੁਆ ਦਿੱਤਾ ਤੇ ਮੈਦਾਨ 'ਤੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕਰ ਦਿੱਤਾ। ਸਟਾਇਨਿਸ ਨੇ ਬਿਗ ਬੈਸ਼ ਲੀਗ 2020 ਦੇ ਇਕ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਅਪਸ਼ਬਦ ਕਿਹਾ ਤੇ ਇਸ ਤੋਂ ਬਾਅਦ ਉਨ੍ਹਾਂ 'ਤੇ ਜੁਰਮਾਨਾ ਲਾਇਆ ਗਿਆ। ਮੈਲਬੌਰਨ ਸਟਾਰਸ ਲਈ ਖੇਡਣ ਵਾਲੇ ਸਟਾਇਨਿਸ ਨੂੰ ਜ਼ਾਬਤੇ ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣੇ ਇਸ ਮਾੜੇ ਵਤੀਰੇ ਲਈ ਮਾਫ਼ੀ ਮੰਗ ਲਈ ਪਰ ਉਨ੍ਹਾਂ 'ਤੇ 7500 ਆਸਟ੍ਰੇਲੀਅਨ ਡਾਲਰ ਮਤਲਬ ਕਿ ਲਗਭਗ 3.74 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਛੇ ਹਫਤੇ ਪਹਿਲਾਂ ਤੇਜ਼ ਗੇਂਦਬਾਜ਼ ਜੇਮਜ਼ ਪੈਟੀਂਸਨ ਨੇ ਵੀ ਇਕ ਖਿਡਾਰੀ ਨੂੰ ਅਪਸ਼ਬਦ ਕਹੇ ਸੀ ਤੇ ਉਨ੍ਹਾਂ 'ਤੇ ਪਾਬੰਦੀ ਲਾਈ ਗਈ ਸੀ। ਇਸ ਸਮੇਂ ਉਹ ਆਸਟ੍ਰੇਲੀਆ ਲਈ ਨਿਊਜ਼ੀਲੈਂਡ ਖ਼ਿਲਾਫ਼ ਸਿਡਨੀ ਵਿਚ ਤੀਜੇ ਟੈਸਟ ਮੈਚ ਵਿਚ ਖੇਡ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਬਿਗ ਬੈਸ਼ ਲੀਗ ਵਿਚ ਮਾਰਕਸ ਸਟਾਇਨਿਸ ਕਮਾਲ ਦੀ ਬੱਲੇਬਾਜ਼ੀ ਕਰ ਰਹੇ ਹਨ ਤੇ ਪਿਛਲੇ ਛੇ ਮੁਕਾਬਲਿਆਂ ਵਿਚ ਉਨ੍ਹਾਂ ਨੇ ਤਿੰਨ ਅਰਧ ਸੈਂਕੜੇ ਲਾਏ ਹਨ ਜਿਸ ਵਿਚ ਦੋ ਵਾਰ ਉਹ ਅਜੇਤੂ ਰਹੇ। ਪਿਛਲੀਆਂ ਛੇ ਪਾਰੀਆਂ ਵਿਚ ਉਨ੍ਹਾਂ ਨੇ 16, 81 ਅਜੇਤੂ, 33, 25, 58, 68 ਅਜੇਤੂ ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਸਟਾਇਨਿਸ ਸ਼ਾਨਦਾਰ ਹਰਫ਼ਨਮੌਲਾ ਹਨ ਤੇ ਉਨ੍ਹਾਂ ਨੇ ਆਸਟ੍ਰੇਲੀਆ ਲਈ ਹੁਣ ਤਕ 41 ਵਨ ਡੇ ਤੇ 19 ਟੀ-20 ਮੈਚ ਖੇਡੇ ਹਨ। ਵਨ ਡੇ ਵਿਚ ਉਨ੍ਹਾਂ ਨੇ ਇਕ ਸ਼ਾਨਦਾਰ ਸੈਂਕੜਾ ਲਾਇਆ ਹੈ ਤੇ ਅਜੇਤੂ 146 ਦੌੜਾਂ ਉਨ੍ਹਾਂ ਦਾ ਸਰਬੋਤਮ ਸਕੋਰ ਹੈ। ਇਸ ਤੋਂ ਇਲਾਵਾ ਵਨ ਡੇ ਵਿਚ ਉਨ੍ਹਾਂ ਨੇ 33 ਵਿਕਟਾਂ ਲਈਆਂ ਹਨ ਜਦਕਿ ਟੀ-20 ਵਿਚ ਉਨ੍ਹਾਂ ਦੇ ਨਾਂ 'ਤੇ ਨੌਂ ਵਿਕਟਾਂ ਦਰਜ ਹਨ।

ਗ਼ਲਤੀ ਦਾ ਅਹਿਸਾਸ ਕਰ ਕੇ ਜੁਰਮਾਨਾ ਕੀਤਾ ਸਵੀਕਾਰ

ਮਾਰਕਸ ਸਟਾਇਨਿਸ ਨੇ ਸ਼ਨਿਚਰਵਾਰ ਨੂੰ ਮੈਲਬੌਰਨ ਰੇਨੇਗੇਡਜ਼ ਖ਼ਿਲਾਫ਼ ਹੋਏ ਮੈਚ ਦੌਰਾਨ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੂੰ ਅਪਸ਼ਬਦ ਕਹੇ। ਆਪਣੀ ਇਸ ਗ਼ਲਤੀ 'ਤੇ ਸਫ਼ਾਈ ਦਿੰਦੇ ਹੋਏ ਸਟਾਇਨਿਸ ਨੇ ਕਿਹਾ ਕਿ ਮੈਂ ਉਸ ਸਮੇਂ ਭਾਵਨਾਵਾਂ ਵਿਚ ਵਹਿ ਗਿਆ ਸੀ ਤੇ ਅਜਿਹੀ ਗ਼ਲਤੀ ਕਰ ਦਿੱਤੀ। ਹਾਲਾਂਕਿ ਉਸ ਤੋਂ ਬਾਅਦ ਮੈਨੂੰ ਇਸ ਦਾ ਅਹਿਸਾਸ ਹੋਇਆ ਕਿ ਮੈਂ ਗ਼ਲਤ ਸੀ ਤੇ ਮੈਂ ਕੇਨ ਤੇ ਅੰਪਾਇਰਾਂ ਤੋਂ ਮਾਫ਼ੀ ਮੰਗ ਲਈ। 30 ਸਾਲ ਦੇ ਮਾਰਕਸ ਸਟਾਇਨਿਸ ਨੇ ਕਿਹਾ ਕਿ ਮੈਂ ਗ਼ਲਤ ਕੀਤਾ ਤੇ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਕੁਝ ਨਿਯਮ ਹਨ ਤੇ ਮੈਂ ਜੁਰਮਾਨੇ ਨੂੰ ਸਵੀਕਾਰ ਕਰਦਾ ਹਾਂ।