ਨਵੀਂ ਦਿੱਲੀ (ਪੀਟੀਆਈ) : ਬੀਸੀਸੀਆਈ ਦੇ ਸਾਬਕਾ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਹੈ ਕਿ ਸ਼ਸ਼ਾਂਕ ਮਨੋਹਰ ਦਾ ਆਈਸੀਸੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣਾ ਜ਼ਾਹਰ ਜਿਹੀ ਗੱਲ ਸੀ ਤੇ ਹੁਣ ਉਨ੍ਹਾਂ ਨੂੰ ਮੁੜ ਕੇ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਕੀ ਕੀਤਾ। ਸ਼ਾਹ ਨੇ ਕਿਹਾ ਕਿ ਸ਼ਸ਼ਾਂਕ ਨੂੰ ਇਸ ਗੱਲ ਨੂੰ ਲੈ ਕੇ ਮਿਲੇ ਜੁਲੇ ਭਾਵ ਆ ਰਹੇ ਹੋਣਗੇ ਕਿ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਨੂੰ ਉਤਸ਼ਾਹ ਦੇਣ ਲਈ ਉਹ ਕੀ ਕਰ ਸਕਦੇ ਸੀ ਤੇ ਉਨ੍ਹਾਂ ਦੇ ਕਾਰਜਕਾਲ ਵਿਚ ਭਾਰਤ ਵਿਚ ਕ੍ਰਿਕਟ ਦੇ ਨਾਲ ਕੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਆਰਾਮ ਦੇ ਦੌਰ ਵਿਚ ਹੋਣਗੇ ਤੇ ਇਸ ਦੌਰਾਨ ਉਨ੍ਹਾਂ ਨੂੰ ਬਤੌਰ ਆਈਸੀਸੀ ਚੇਅਰਮੈਨ ਆਪਣੇ ਕਾਰਜਕਾਲ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੀਸੀਸੀਆਈ ਤੇ ਭਾਰਤੀ ਕਿ੍ਕਟ ਦਾ ਕਿੰਨਾ ਨੁਕਸਾਨ ਹੋਇਆ ਹੈ। ਸ਼ਾਹ ਨੇ ਅੱਗੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਬੀਸੀਸੀਆਈ ਨੇ ਕਾਫੀ ਕੁਝ ਬਰਦਾਸ਼ਤ ਕੀਤਾ ਹੈ। ਆਈਸੀਸੀ ਨੇ ਇਸ ਦੌਰਾਨ ਭਾਰਤ ਵਿਚ ਕ੍ਰਿਕਟ ਤੇ ਬੀਸੀਸੀਆਈ ਨੂੰ ਹੋਏ ਨੁਕਸਾਨ ਦਾ ਫ਼ਾਇਦਾ ਉਠਾਇਆ ਹੈ। ਮੈਨੂੰ ਹਾਲਾਂਕਿ ਪੂਰਾ ਯਕੀਨ ਹੈ ਕਿ ਬੀਸੀਸੀਆਈ ਦੀ ਮੌਜੂਦਾ ਅਗਵਾਈ ਕਾਫੀ ਮਜ਼ਬੂਤ ਹੈ।