ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨੀ ਨੂੰ ਇਕ ਨਵੀਂ ਪਛਾਣ ਦਿਵਾਉਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਨਾਂ ਭਾਰਤ ਦੇ ਨਹੀਂ, ਦੁਨੀਆ ਦੇ ਸਫ਼ਲ ਕਪਤਾਨਾਂ 'ਚ ਵੀ ਸ਼ੁਮਾਰ ਹੈ। ਧੋਨੀ ਜਿਹਾ ਵਿਕਟਕੀਪਰ ਨਾ ਤਾਂ ਅੱਜ ਤਕ ਭਾਰਤ ਨੇ ਦੇਖਿਆ ਹੈ ਤੇ ਸ਼ਾਇਦ ਹੀ ਅੱਗੇ ਦੇਖਣ ਨੂੰ ਮਿਲੇ। ਧੋਨੀ ਕਦੋਂ ਕੀ ਕਰ ਜਾਵੇ, ਇਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਇਕ ਅਜਿਹਾ ਖਿਡਾਰੀ, ਜਿਸ ਨੇ ਮੈਦਾਨ 'ਤੇ ਆਪਣੇ ਵਿਰੋਧੀਆਂ ਨੂੰ ਹੈਰਾਨ ਕੀਤਾ ਤੇ ਮੈਦਾਨ ਤੋਂ ਬਾਹਰ ਫੈਨਜ਼ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ।

ਮੈਦਾਨ ਅੰਦਰ ਸਾਲ 2007 ਟੀ-20 ਫਾਈਨਲ 'ਚ ਜੋਗਿੰਦਰ ਸ਼ਰਮਾ ਕੋਲੋਂ ਆਖ਼ਰੀ ਓਵਰ 'ਚ ਗੇਂਦਬਾਜ਼ੀ ਕਰਵਾਉਣੀ ਹੋਵੇ ਜਾਂ ਫਿਰ ਆਸਟ੍ਰੇਲੀਆ ਦੌਰੇ ਦੌਰਾਨ ਟੈਸਟ 'ਚੋਂ ਸੰਨਿਆਸ ਲੈਣਾ, ਧੋਨੀ ਦੇ ਅਚਾਨਕ ਲਏ ਫ਼ੈਸਲੇ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਦਿੱਤਾ।

ਸਾਲ 2007 ਟੀ-20 ਵਿਸ਼ਵ ਕੱਪ ਫਾਈਨਲ

ਧੋਨੀ ਨੂੰ ਟੀਮ ਇੰਡੀਆ ਦੀ ਕਮਾਨ ਸੌਂਪੀ ਗਈ ਸੀ। 2007 'ਚ ਪਹਿਲਾ ਟੀ-20 ਵਿਸ਼ਵ ਕੱਪ ਖੇਡਣ ਪੰਹੁਚੇ ਧੋਨੀ ਨੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਖ਼ਿਲਾਫ਼ ਫਾਈਨਲ 'ਚ ਜਿੱਤ ਹਾਸਿਲ ਕੀਤੀ। ਭਾਰਤੀ ਕਪਤਾਨ ਨੇ ਆਖ਼ਰੀ ਓਵਰ 'ਚ ਮਿਸਬਾਹ ਉਲ ਹੱਕ ਸਾਹਮਣੇ ਆਲਰਾਊਂਡਰ ਜੋਗਿੰਦਰ ਸ਼ਰਮਾ ਨੂੰ ਗੇਂਦਬਾਜ਼ੀ ਦਾ ਜ਼ਿੰਮਾ ਸੌਂੱਪਿਆ ਤੇ ਇਕ ਵਾਰ ਤਾਂ ਦਰਸ਼ਕਾਂ ਦੇ ਸਾਹ ਰੁਕ ਗਏ। ਭਾਰਤ ਨੇ ਜਿੱਤ ਹਾਸਿਲ ਕੀਤੀ ਤੇ ਧੋਨੀ ਦਾ ਫ਼ੈਸਲਾ ਸਹੀ ਸਾਬਿਤ ਹੋਇਆ।

2009 ਟੀ-20 ਵਿਸ਼ਵ ਕੱਪ 'ਚ ਪੁਰੀ ਟੀਮ ਨਾਲ ਪ੍ਰੈੱਸ ਕਾਨਫਰੰਸ ਵਿਚ ਪਹੁੰਚੇ

ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਤੇ ਧੋਨੀ ਦਰਮਿਆਨ ਅਣਬਣ ਦੀਆਂ ਖ਼ਬਰਾਂ ਟੀਵੀ ਚੈਨਲ 'ਕੇ ਜ਼ੋਰ-ਸ਼ੋਰ ਨਾਲ ਦਿਖਾਈਆਂ ਜਾ ਰਹੀਆਂ ਸਨ। ਇੰਗਲੈਂਡ 'ਚ ਖੇਡੇ ਗਏ 2009 ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ 'ਚ ਧੋਨੀ ਪੂਰੀ ਟੀਮ ਨਾਲ ਪਹੁੰਚੇ। ਕਪਤਾਨ ਦੇ ਇਸ ਫ਼ੈਸਲੇ ਨੇ ਇਕ ਵਾਰ ਫਿਰ ਤੋਂ ਸਭ ਨੂੰ ਹੈਰਾਨ ਕਰ ਦਿੱਤਾ।

ਸਾਲ 2011 ਵਿਸ਼ਵ ਕੱਪ 'ਚ ਯੁਵਰਾਜ ਕੋਲੋਂ ਪਹਿਲਾਂ ਕਰਵਾਈ ਬੱਲੇਬਾਜ਼ੀ

ਸਾਲ 2011 'ਚ ਧੋਨੀ ਨੇ ਸ੍ਰੀਲੰਕਾ ਖ਼ਿਲਾਫ਼ ਵਿਸ਼ਵ ਕੱਪ ਫਾਈਨਲ 'ਚ ਯੁਵਰਾਜ ਸਿੰਘ ਕੋਲੋਂ ਪਹਿਲਾਂ ਬੱਲੇਬਾਜ਼ੀ ਕਰਵਾਉਣ ਦਾ ਫ਼ੈਸਲਾ ਲਿਆ ਸੀ। ਧੋਨੀ ਨੂੰ ਮੈਦਾਨ 'ਤੇ ਖ਼ਤਰਿਆਂ ਦਾ ਖਿਡਾਰੀ ਕਿਹਾ ਜਾਂਦਾ ਹੈ ਤੇ ਵਿਸ਼ਵ ਕੱਪ ਫਾਈਨਲ ਜਿਹੇ ਵੱਡੇ ਮੰਚ 'ਤੇ ਉਨ੍ਹਾਂ ਨੇ ਨਾ ਸਿਰਫ਼ ਪ੍ਰਯੋਗ ਕੀਤੇ ਸਗੋਂ ਇਸ ਨੂੰ ਸਹੀ ਸਾਬਿਤ ਕਰਦਿਆਂ ਛੱਕਾ ਲਗਾ ਕੇ ਭਾਰਤ ਨੂੰ 28 ਸਾਲ ਬਾਅਦ ਵਿਸ਼ਵ ਜੇਤੂ ਬਣਾਇਆ।

2014 ਆਸਟ੍ਰੇਲੀਆ ਦੌਰਾਨ ਟੈਸਟ ਸੀਰੀਜ਼ ਤੋਂ ਸੰਨਿਆਸ

ਧੋਨੀ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਨਿਰਸਵਰਾਥੀ ਕ੍ਰਿਕਟਰ 'ਚ ਗਿਣਿਆ ਜਾਂਦਾ ਹੈ। 2014 'ਚ ਜਦੋਂ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਚੱਲ ਰਿਹਾ ਸੀ ਤਾਂ ਅਚਾਨਕ ਟੈਸਟ ਸੀਰੀਜ਼ ਤੋਂ ਸੰਨਆਿਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਦੇ ਫੈਨਜ਼ ਤੇ ਕ੍ਰਿਕਟ ਮਾਹਿਰ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਆਸਟ੍ਰੇਲੀਆ ਦੌਰੇ ਦੌਰਾਨ ਸੀਰੀਜ਼ 'ਚ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਚਾਰ ਟੈਸਟਾਂ ਦੀ ਸੀਰੀਜ਼ ਦਾ ਤੀਸਰਾ ਮੈਚ ਖ਼ਤਮ ਹੁੰਦਿਆਂ ਹੀ ਉਨ੍ਹਾਂ ਨੇ ਟੈਸਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਤੇ ਫਿਰ ਕਦੇ ਸਫੈਦ ਜਰਸੀ 'ਚ ਭਾਰਤ ਵੱਲੋਂ ਖੇਡਣ ਨਹੀਂ ਉਤਰੇ।

ਅਚਾਨਕ ਛੱਡੀ ਵਨਡੇ ਤੇ ਟੀ-20 ਦੀ ਕਪਤਾਨੀ

ਸਾਲ 2017 'ਚ ਧੋਨੀ ਦਾ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਸਾਹਮਣੇ ਆਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਰਤ ਨੂੰ ਦੋ ਵਿਸ਼ਵ ਕੱਪ ਤੇ ਇਕ ਚੈਂਪੀਅਨਜ਼ ਟਰਾਫੀ ਦਿਵਾਉਣ ਵਾਲੇ ਕਪਤਾਨ ਨੇ ਅਚਾਨਕ ਹੀ ਕਪਤਾਨੀ ਛੱਡਣ ਦਾ ਫ਼ੈਸਲਾ ਸੁਣਾ ਦਿੱਤਾ। 4 ਜਨਵਰੀ 2017 ਨੂੰ ਧੋਨੀ ਦੇ ਟੀ-20 ਤੇ ਵਨਡੇ ਦੀ ਕਪਤਾਨੀ ਛੱਡਣ ਦੇ ਕਦਮ ਨਾਲ ਕ੍ਰਿਕਟ ਜਗਤ 'ਚ ਸੈਨਸਨੀ ਫੈਲ ਗਈ ਸੀ।

Posted By: Ravneet Kaur