ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਮਦਰਾਸ ਹਾਈ ਕੋਰਟ 'ਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਵਿਰਾਟ 'ਤੇ ਆਨਲਾਈਨ ਗੈਂਬਲਿੰਗ ਭਾਵ ਆਨਲਾਈਨ ਜੂਏ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਗਈ ਹੈ। ਵਿਰਾਟ ਕੋਹਲੀ ਤੋਂ ਇਲਾਵਾ ਐਕਟਰੈੱਸ ਤਮੰਨਾ ਭਾਟੀਆ ਖ਼ਿਲਾਫ਼ ਵੀ ਇਹੀ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕੀਤਾ ਗਿਆ ਹੈ।

ਚੇਨੱਈ ਦੇ ਇਕ ਵਕੀਲ ਦੁਆਰਾ ਦਰਜ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਐੱਮਐੱਚਸੀ ਤੋਂ ਆਨਲਾਈਨ ਜੂਆ ਖੇਡਣ 'ਤੇ ਪਾਬੰਦੀ ਲਗਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਨੌਜਵਾਨ ਇਸਦੇ ਆਦਿ ਹੋ ਰਹੇ ਹਨ। ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਆਨਲਾਈਨ ਜੂਆ ਕੰਪਨੀਆਂ ਵਿਰਾਟ ਕੋਹਲੀ ਅਤੇ ਤਮੰਨਾ ਜਿਹੇ ਸਿਤਾਰਿਆਂ ਦਾ ਇਸਤੇਮਾਲ ਨੌਜਵਾਨ ਵਰਗ ਦਾ ਬ੍ਰੇਨਵਾਸ਼ ਕਰਨ ਲਈ ਕਰ ਰਹੀਆਂ ਹਨ ਅਤੇ ਇਸ ਲਈ ਦੋਵਾਂ ਨੂੰ ਇਸਦੇ ਲਈ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਕ ਅਜਿਹੇ ਨੌਜਵਾਨ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ, ਜਿਸ ਨੇ ਆਤਮਹੱਤਿਆ ਕਰ ਲਈ ਸੀ ਕਿਉਂਕਿ ਉਹ ਆਨਲਾਈਨ ਜੂਏ ਲਈ ਲਗਾਏ ਗਏ ਪੈਸੇ ਵਾਪਸ ਨਹੀਂ ਕਰ ਸਕਦਾ ਸੀ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਨਾਂ 'ਚ ਆਨਲਾਈਨ ਮੈਚ ਖੇਡੇ ਜਾਂਦੇ ਗਨ ਅਤੇ ਇਨ੍ਹਾਂ ਦਾ ਪ੍ਰਮੋਸ਼ਨ ਕ੍ਰਿਕਟ ਸਟਾਰ ਵੀ ਕਰਦੇ ਨਜ਼ਰ ਆਉਂਦੇ ਹਨ। ਵਿਰਾਟ ਵੀ ਆਨਲਾਈਨ ਗੇਮਜ਼ ਨੂੰ ਪ੍ਰਮੋਟ ਕਰਦੇ ਹਨ। ਇਨ੍ਹੀਂ ਦਿਨੀਂ ਵਿਰਾਟ ਕੋਹਲੀ ਵੀ ਹੋਰ ਭਾਰਤੀ ਕ੍ਰਿਕਟਰਾਂ ਵਾਂਗ ਆਪਣੇ ਘਰ 'ਚ ਹੀ ਹਨ ਅਤੇ ਆਈਪੀਐੱਲ ਦੇ 13ਵੇਂ ਸੀਜ਼ਨ ਦੀ ਡੇਟ ਆਉਣ ਤੋਂ ਬਾਅਦ ਉਸਦੀ ਤਿਆਰੀ ਕਰ ਰਹੇ ਹਨ। ਆਈਪੀਐੱਲ 2020 ਦੀ ਸ਼ੁਰੂਆਤ ਇਸ ਸਾਲ ਯੂਏਈ 'ਚ 19 ਸਤੰਬਰ ਤੋਂ ਹੋਵੇਗੀ ਅਤੇ ਇਸਦਾ ਫਾਈਨਲ 8 ਨਵੰਬਰ ਨੂੰ ਖੇਡਿਆ ਜਾ ਸਕਦਾ ਹੈ। ਹਾਲਾਂਕਿ ਫਾਈਨਲ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਸਨੂੰ 10 ਨਵੰਬਰ ਨੂੰ ਕਰਵਾਇਆ ਜਾ ਸਕਦਾ ਹੈ।

ਯੂਏਈ 'ਚ ਆਈਪੀਐੱਲ ਖ਼ਤਮ ਹੋ ਜਾਣ ਤੋਂ ਬਾਅਦ ਭਾਰਤੀ ਟੀਮ ਉਥੋਂ ਹੀ ਸਿੱਧਾ ਆਸਟ੍ਰੇਲੀਆਈ ਦੌਰੇ ਲਈ ਰਵਾਨਾ ਹੋ ਜਾਵੇਗਾ। ਆਸਟ੍ਰੇਲੀਆ 'ਚ ਟੀਮ ਇੰਡੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਹਿੱਸਾ ਲੈਣਾ ਹੈ ਅਤੇ ਉਸਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।

Posted By: Ramanjit Kaur