ਮੁੰਬਈ (ਪੀਟੀਆਈ) : ਪੂਰੇ ਸੈਸ਼ਨ ਦੌਰਾਨ ਸ਼ਾਨਦਾਰ ਲੈਅ ਵਿਚ ਚੱਲ ਰਹੀ ਲਖਨਊ ਸੁਪਰ ਜਾਇੰਟਸ ਦੀ ਟੀਮ ਪਿਛਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਐਤਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆਫ ਵਿਚ ਆਪਣੀ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ। ਲਗਾਤਾਰ ਚਾਰ ਜਿੱਤਾਂ ਨਾਲ ਅੰਕ ਸੂਚੀ ਵਿਚ ਸਿਖਰ ’ਤੇ ਚੱਲ ਰਹੀ ਲੋਕੇਸ਼ ਰਾਹੁਲ ਦੀ ਅਗਵਾਈ ਵਾਲੀ ਸੁਪਰ ਜਾਇੰਟਸ ਦੀ ਟੀਮ ਨੇ ਪਿਛਲੇ ਮੈਚ ਵਿਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਹਾਰ ਨਾਲ ਆਪਣਾ ਨੰਬਰ ਇਕ ਸਥਾਨ ਇਸ ਟੀਮ ਨੂੰ ਗੁਆ ਦਿੱਤਾ ਸੀ। ਸੁਪਰ ਜਾਇੰਟਸ ਦੀ ਟੀਮ 16 ਅੰਕਾਂ ਨਾਲ ਦੂਜੇ ਸਥਾਨ ’ਤੇ ਚੱਲ ਰਹੀ ਹੈ ਤੇ ਪਲੇਆਫ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਹੋਰ ਮੈਚ ਗਆਉਣਾ ਨਹੀਂ। ਰਾਇਲਜ਼ ਦੀ ਟੀਮ ਵੀ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਅੱਠ ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਵਾਪਸੀ ਕਰ ਕੇ ਪਲੇਆਫ ਵਿਚ ਥਾਂ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਸੁਪਰ ਜਾਇੰਟਸ ਦੀ ਟੀਮ ਜੇ ਐਤਵਾਰ ਨੂੰ ਜਿੱਤ ਦਰਜ ਕਰਦੀ ਹੈ ਤਾਂ ਉਸ ਦੀ ਪੇਲੇਆਫ ਵਿਚ ਥਾਂ ਯਕੀਨੀ ਬਣ ਜਾਵੇਗੀ। ਰਾਇਲਜ਼ ਦੀ ਟੀਮ ਵੀ ਜੇ ਜਿੱਤ ਦਰਜ ਕਰਦੀ ਹੈ ਤਾਂ ਆਖ਼ਰੀ ਚਾਰ ਵਿਚ ਥਾਂ ਬਣਾਉਣ ਵੱਲ ਇਕ ਹੋਰ ਕਦਮ ਵਧਾ ਲਵੇਗੀ। ਲਖਨਊ ਦੀ ਟੀਮ ਲਈ ਕਪਤਾਨ ਰਾਹੁਲ ਤੇ ਕਵਿੰਟਨ ਡਿਕਾਕ ਨੂੰ ਇਕ ਵਾਰ ਮੁੜ ਜ਼ਿਆਦਾ ਦੌੜਾਂ ਬਣਾਉਣੀਆਂ ਪੈਣਗੀਆਂ। ਟਾਈਟਜ਼ ਖ਼ਿਲਾਫ਼ ਇਹ ਦੋਵੇਂ ਸਸਤੇ ਵਿਚ ਪਵੇਲੀਅਨ ਮੁੜ ਗਏ ਸਨ ਤੇ ਰਾਇਲਜ਼ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡਣਾ ਚਾਹੁਣਗੇ। ਰਾਹੁਲ 12 ਮੈਚਾਂ ਵਿਚ 459 ਦੌੜਾਂ ਨਾਲ ਟੂਰਨਾਮੈਂਟ ਦੇ ਦੂਜੇ ਸਭ ਤੋਂ ਕਾਮਯਾਬ ਬੱਲੇਬਾਜ਼ਾਂ ਵਿਚੋਂ ਇਕ ਹਨ ਤੇ ਹੁਣ ਤਕ ਦੋ ਸੈਂਕੜੇ ਤੇ ਇੰਨੇ ਹੀ ਅਰਧ ਸੈਂਕੜੇ ਲਾ ਚੁੱਕੇ ਹਨ।

Posted By: Shubham Kumar