ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਹਨ ਤੇ ਸਾਰੇ ਰਿਕਾਰਡ ਆਪਣੇ ਨਾਂ 'ਤੇ ਕਰਦੇ ਜਾ ਰਹੇ ਹਨ ਉਸ ਤੋਂ ਬਾਅਦ ਅਕਸਰ ਉਨ੍ਹਾਂ ਦੀ ਤੁਲਨਾ ਦਿੱਗਜ ਕ੍ਰਿਕੇਟਰ ਸਚਿਨ ਤੇਂਦੁਲਕਰ ਨਾਲ ਹੁੰਦੀ ਰਹਿੰਦੀ ਹੈ। ਇਨ੍ਹਾਂ ਦੋਵਾਂ ਦੀ ਤੁਲਨਾ 'ਤੇ ਕਈ ਕ੍ਰਿਕੇਟਰਾਂ ਨੇ ਆਪਣੀ ਆਪਣੀ ਰਾਇ ਦਿੱਤੀ ਹੈ ਪਰ ਭਾਰਤੀ ਕ੍ਰਿਕੇਟ ਟੀਮ ਦੇ ਦੋ ਦਿੱਗਜ ਖਿਡਾਰੀ ਲੋਕੇਸ਼ ਰਾਹੁਲ ਤੇ ਹਾਰਦਿਕ ਪਾਂਡਿਆ ਨੇ ਵਿਰਾਟ ਨੂੰ ਸਚਿਨ ਤੋਂ ਬਿਹਤਰ ਦੱਸਿਆ। ਇਕ ਟੈਲੀਵਿਜ਼ਨ ਸ਼ੋਅ ਦੌਰਾਨ ਜਦ ਹੋਸਟ ਨੇ ਲੋਕੇਸ਼ ਰਾਹੁਲ ਤੇ ਹਾਰਦਿਕ ਪਾਂਡਿਆ ਤੋਂ ਪੁੱਛਿਆ ਕਿ ਸਚਿਨ ਤੇ ਵਿਰਾਟ ਦੋਵਾਂ ਵਿਚੋਂ ਬਿਹਤਰ ਬੱਲੇਬਾਜ਼ ਕੌਣ ਹੈ ਤਾਂ ਇਸ ਸਵਾਲ ਦੇ ਜਵਾਬ ਵਿਚ ਰਾਹੁਲ ਨੇ ਕਿਹਾ ਕਿ ਮੈਂ ਵਿਰਾਟ ਨੂੰ ਜ਼ਿਆਦਾ ਬਿਹਤਰ ਮੰਨਦਾ ਹਾਂ। ਉਥੇ ਹਾਰਦਿਕ ਪਾਂਡਿਆ ਨੇ ਕਾਫੀ ਛੋਟਾ ਜਵਾਬ ਦਿੰਦੇ ਹੋਏ ਵਿਰਾਟ ਦਾ ਨਾਂ ਲਿਆ। ਉਨ੍ਹਾਂ ਦੋਵਾਂ ਦੇ ਇਸ ਜਵਾਬ ਤੋਂ ਨਾਰਾਜ਼ ਹੋ ਕੇ ਕ੍ਰਿਕੇਟ ਪ੍ਰਸ਼ੰਸਕਾਂ ਨੇ ਟਵਿਟਰ 'ਤੇ ਦੋਵਾਂ ਨੂੰ ਲੰਮੇ ਹੱਥੀਂ ਲਿਆ। ਕਈ ਪ੍ਰਸ਼ੰਸਕਾਂ ਨੇ ਲਿਖਿਆ ਕਿ ਤੁਸੀਂ ਟੀਮ ਵਿਚ ਆਪਣੀ ਥਾਂ ਬਣਾਈ ਰੱਖਣੀ ਹੈ ਇਸ ਕਾਰਨ ਤੁਸੀਂ ਵਿਰਾਟ ਦਾ ਨਾਂ ਲੈ ਰਹੇ ਹੋ। ਕੁਝ ਪ੍ਰਸ਼ੰਸਕਾਂ ਨੇ ਤਾਂ ਇੱਥੇ ਤਕ ਲਿਖ ਦਿੱਤਾ ਕਿ ਲੋਕੇਸ਼ ਰਾਹੁਲ ਤੇ ਹਾਰਦਿਕ ਪਾਂਡਿਆ ਕੌਣ ਹਨ ਅਸੀਂ ਨਹੀਂ ਜਾਣਦੇ।

ਧੋਨੀ ਸ਼ਾਨਦਾਰ ਕਪਤਾਨ :

ਜਦ ਇਨ੍ਹਾਂ ਦੋਵਾਂ ਤੋਂ ਧੋਨੀ ਤੇ ਵਿਰਾਟ ਵਿਚੋਂ ਕੌਣ ਬਿਹਤਰ ਕਪਤਾਨ ਹੈ ਇਹ ਸਵਾਲ ਪੁੱਛਿਆ ਗਿਆ ਤਾਂ ਰਾਹੁਲ ਨੇ ਕਿਹਾ ਕਿ ਧੋਨੀ ਦੀ ਕਾਮਯਾਬੀ ਕਮਾਲ ਦੀ ਹੈ ਤੇ ਇਸ ਮਾਮਲੇ ਵਿਚ ਉਹ ਵਿਰਾਟ ਤੋਂ ਬਿਹਤਰ ਹਨ। ਉਥੇ ਪਾਂਡਿਆ ਨੇ ਕਿਹਾ ਕਿ ਮੈਂ ਆਪਣੀ ਸ਼ੁਰੂਆਤ ਧੋਨੀ ਦੀ ਕਪਤਾਨੀ ਵਿਚ ਕੀਤੀ ਸੀ ਤੇ ਉਹ ਸ਼ਾਨਦਾਰ ਸਨ।