ਨਵੀਂ ਦਿੱਲੀ (ਪੀਟੀਆਈ) : ਲੀਜੈਂਡਜ਼ ਕ੍ਰਿਕਟ ਲੀਗ (ਐੱਲਐੱਲਸੀ) ਦੀ ਸ਼ੁਰੂਆਤ ਇਸ ਸਾਲ 16 ਸਤੰਬਰ ਨੂੰ ਕੋਲਕਾਤਾ ਦੇ ਵੱਕਾਰੀ ਈਡਨ ਗਾਰਡਨਜ਼ 'ਚ ਇਕ ਖ਼ਾਸ ਮੈਚ ਖੇਡਣ ਨਾਲ ਹੋਵੇਗੀ। ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੀਆ ਮਹਾਰਾਜਾ ਤੇ ਵਰਲਡ ਜਾਇੰਟਸ ਵਿਚਾਲੇ ਹੋਣ ਵਾਲਾ ਇਹ ਮੈਚ ਭਾਰਤੀ ਆਜ਼ਾਦੀ ਦੇ 75ਵੇਂ ਸਾਲ ਨਾਲ ਜੁੜੇ ਸਮਾਗਮਾਂ ਨੂੰ ਸਮਰਪਤ ਹੋਵੇਗਾ। ਐੱਲਐੱਲਸੀ ਦੇ ਕਮਿਸ਼ਨਰ ਰਵੀ ਸ਼ਾਸਤਰੀ ਨੇ ਕਿਹਾ ਕਿ ਇਹ ਸਾਡੇ ਲਈ ਗੌਰਵਸ਼ਾਲੀ ਪਲ਼ ਹੈ ਕਿ ਅਸੀਂ ਆਪਣੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਹੇ ਹਾਂ।

ਮੈਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਸਾਲ ਲੀਗ ਨੂੰ ਆਜ਼ਾਦੀ ਸਮਾਗਮ ਦੇ 75ਵੇਂ ਸਾਲ ਨੂੰ ਸਮਰਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇੰਡੀਆ ਮਹਾਰਾਜਾ ਦੀ ਅਗਵਾਈ ਸਾਬਕਾ ਭਾਰਤੀ ਕਪਤਾਨ ਤੇ ਭਾਰਤੀ ਕਿ੍ਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਕਰਨਗੇ ਜਦਕਿ ਵਿਸ਼ਵ ਜਾਇੰਟਸ ਦੀ ਕਮਾਨ ਇੰਗਲੈਂਡ ਦੇ 2019 ਦੇ ਵਿਸ਼ਵ ਕੱਪ ਜੇਤੂ ਕਪਤਾਨ ਇਆਨ ਮਾਰਗਨ ਸੰਭਾਲਣਗੇ। ਐੱਲਐੱਲਸੀ ਦੇ ਦੂਜੇ ਟੂਰਨਾਮੈਂਟ ਦੀ ਸ਼ੁਰੂਆਤ ਇਸ ਖ਼ਾਸ ਮੈਚ ਤੋਂ ਇਕ ਦਿਨ ਬਾਅਦ 17 ਸਤੰਬਰ ਤੋਂ ਹੋਵੇਗੀ। ਇਸ ਟੂਰਨਾਮੈਂਟ ਵਿਚ ਚਾਰ ਟੀਮਾਂ ਹਿੱਸਾ ਲੈਣਗੀਆਂ ਜੋ 22 ਦਿਨ ਅੰਦਰ 15 ਮੈਚ ਖੇਡਣਗੀਆਂ।

Posted By: Gurinder Singh