ਕੋਲੰਬੋ (ਪੀਟੀਆਈ) : ਸ੍ਰੀਲੰਕਾਈ ਟੀਮ ਦੇ ਤੇਜ਼ ਗੇਂਦਬਾਜ਼ ਤੇ ਟੀ-20 ਟੀਮ ਦੇ ਕਪਤਾਨ ਲਸਿਥ ਮਲਿੰਗਾ ਨੇ ਆਪਣੇ ਸੰਨਿਆਸ 'ਤੇ ਯੂ-ਟਰਨ ਲਿਆ ਹੈ। ਲਸਿਥ ਮਲਿੰਗਾ ਨੇ ਮਾਰਚ 2019 ਵਿਚ ਕਿਹਾ ਸੀ ਕਿ ਉਹ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲੈਣਗੇ ਪਰ ਹੁਣ ਲਸਿਥ ਮਲਿੰਗਾ ਨੇ ਕਿਹਾ ਹੈ ਕਿ ਉਹ ਇਸ ਬਾਰੇ ਸੋਚ ਰਹੇ ਹਨ ਕਿ ਅਗਲੇ ਦੋ ਹੋਰ ਸਾਲ ਉਹ ਟੀ-20 ਕ੍ਰਿਕਟ ਖੇਡ ਸਕਦੇ ਹਨ। 36 ਸਾਲ ਦੇ ਲਸਿਥ ਮਲਿੰਗਾ ਟੀ-20 ਇੰਟਰਨੈਸ਼ਨਲ ਕ੍ਰਿਕਟ ਵਿਚ ਸ੍ਰੀਲੰਕਾਈ ਟੀਮ ਦੀ ਕਮਾਨ ਸੰਭਾਲਦੇ ਹਨ। ਲਸਿਥ ਮਲਿੰਗਾ ਨੇ ਕਿਹਾ ਕਿ ਟੀ-20 ਵਿਚ ਚਾਰ ਓਵਰ ਸੁੱਟਣੇ ਪੈਂਦੇ ਹਨ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀ ਯੋਗਤਾ ਨਾਲ ਟੀ-20 ਗੇਂਦਬਾਜ਼ ਬਣਿਆ ਰਹਿ ਸਕਦਾ ਹਾਂ। ਬਤੌਰ ਕਪਤਾਨ, ਮੈਂ ਪੂਰੀ ਦੁਨੀਆ ਵਿਚ ਸਾਰੇ ਟੀ-20 ਮੈਚ ਖੇਡੇ ਹਨ ਇਸ ਕਾਰਨ ਮੈਂ ਅਗਲੇ ਦੋ ਸਾਲ ਹੋਰ ਟੀ-20 ਕ੍ਰਿਕਟ ਖੇਡ ਸਕਦਾ ਹਾਂ। ਦਿੱਗਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਉਡੀਕ ਵਿਚ ਹਨ ਕਿ ਸ੍ਰੀਲੰਕਾ ਕ੍ਰਿਕਟ ਬੋਰਡ ਇਸ ਗੱਲ ਦਾ ਐਲਾਨ ਕਰੇ ਕਿ ਉਹ ਟੀਮ ਦੀ ਟੀ-20 ਵਿਸ਼ਵ ਕੱਪ ਵਿਚ ਅਗਵਾਈ ਕਰਨਗੇ। ਸ੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਤਾਂ ਹੈ ਕਿ ਉਹ ਵਿਸ਼ਵ ਕੱਪ ਤਕ ਮੈਨੂੰ ਕਪਤਾਨ ਵਜੋਂ ਦੇਖਣਾ ਚਾਹੁੰਦੇ ਹਨ ਪਰ ਸ੍ਰੀਲੰਕਾ ਵਿਚ ਕੋਈ ਨਹੀਂ ਜਾਣਦਾ ਕਿ ਕਦ ਕੀ ਹੋ ਜਾਏ। ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ 100 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣੇ ਲਸਿਥ ਮਲਿੰਗਾ ਨੇ ਟੈਸਟ ਤੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲਿਆ ਹੋਇਆ ਹੈ। ਇੰਨਾ ਹੀ ਨਹੀਂ, ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਮਲਿੰਗਾ ਦੋ ਵਾਰ ਹੈਟਿ੍ਕ ਲਾਉਣ ਵਾਲੇ ਦੁਨੀਆ ਦੇ ਇਕਲੌਤੇ ਗੇਂਦਬਾਜ਼ ਹਨ। ਇਸ ਵਿਚੋਂ ਇਕ ਵਾਰ ਉਹ ਚਾਰ ਗੇਂਦਾਂ ਵਿਚ ਚਾਰ ਵਿਕਟਾਂ ਹਾਸਲ ਕਰ ਚੁੱਕੇ ਹਨ।

ਲਗਾਤਾਰ ਚੰਗੇ ਪ੍ਰਦਰਸ਼ਨ ਦੀ ਲੋੜ :

ਲਸਿਥ ਮਲਿੰਗਾ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਤੁਹਾਨੂੰ ਲਗਾਤਾਰ ਖੇਡਣ ਲਈ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਲੋੜ ਪੈਂਦੀ ਹੈ। ਜੇ ਕੋਈ ਖਿਡਾਰੀ ਅਜਿਹਾ ਨਹੀਂ ਕਰ ਸਕਦਾ ਤਾਂ ਦੂਜੇ ਨੂੰ ਮੌਕਾ ਦਿੱਤਾ ਜਾਣਾ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਜਦ ਤੋਂ ਲਸਿਥ ਮਲਿੰਗਾ ਕਪਤਾਨ ਬਣੇ ਹਨ, ਟੀਮ ਨੇ ਪਿਛਲੇ 10 ਮੁਕਾਬਲਿਆਂ ਵਿਚੋਂ ਅੱਠ ਮੁਕਾਬਲੇ ਹਾਰੇ ਹਨ, ਇਕ ਮੈਚ ਵਿਚ ਜਿੱਤ ਮਿਲੀ ਹੈ ਜਦਕਿ ਇਕ ਮੁਕਾਬਲਾ ਬੇਨਤੀਜਾ ਰਿਹਾ ਹੈ।