ਮੁੰਬਈ (ਆਈਏਐੱਨਐੱਸ) : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਹੈ ਕਿ ਉਹ ਆਈਪੀਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਵਜੋਂ ਚੰਗਾ ਕੰਮ ਕਰਨਗੇ। ਕੁੰਬਲੇ ਨੇ ਪਿਛਲੇ ਸਾਲ ਪੰਜਾਬ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ ਤੇ ਉਹ ਆਈਪੀਐੱਲ-13 ਵਿਚ ਟੀਮ ਦੀ ਕਮਾਨ ਸੰਭਾਲਣਗੇ। ਲੀਗ ਇਸ ਸਾਲ ਕੋਵਿਡ-19 ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 19 ਸਤੰਬਰ ਤੋਂ 10 ਨਵੰਬਰ ਵਿਚਾਲੇ ਖੇਡੀ ਜਾਣੀ ਹੈ। ਆਈਪੀਐੱਲ ਵਿਚ ਕੋਲਕਾਤਾ ਨਾਈਟਰਾਈਡਰਜ਼ ਤੇ ਪੰਜਾਬ ਦੇ ਲਈ ਖੇਡ ਚੁੱਕੇ ਲੀ ਨੇ ਕਿਹਾ ਕਿ ਕੁੰਬਲੇ ਦਾ ਤਜਰਬਾ ਟੀਮ ਨੂੰ ਪਹਿਲਾ ਖ਼ਿਤਾਬ ਦਿਵਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਲੀ ਨੇ ਕਿਹਾ ਕਿ ਕੁੰਬਲੇ ਵਰਗਾ ਕੋਈ ਹੋਣ ਨਾਲ ਯਕੀਨੀ ਤੌਰ 'ਤੇ ਟੀਮ ਕਾਫੀ ਮਜ਼ਬੂਤ ਹੋਵੇਗੀ। ਉਨ੍ਹਾਂ ਦੀ ਜਾਣਕਾਰੀ, ਉਨ੍ਹਾਂ ਦਾ ਤਜਰਬਾ ਯਕੀਨੀ ਤੌਰ 'ਤੇ ਟੀਮ ਦੀ ਮਦਦ ਕਰੇਗਾ। ਉਨ੍ਹਾਂ ਕੋਲ ਚੰਗੀ ਟੀਮ ਹੈ ਜੋ ਖ਼ਿਤਾਬ ਦੇ ਲਾਗੇ ਜਾ ਸਕਦੀ ਹੈ ਪਰ ਉਨ੍ਹਾਂ ਨੇ ਅਜੇ ਤਕ ਖ਼ਿਤਾਬ ਨਹੀਂ ਜਿੱਤਿਆ ਹੈ ਤਾਂ ਮੈਂ ਇਸ ਦੀ ਉਡੀਕ ਕਰ ਰਿਹਾ ਹਾਂ ਕਿ ਉਹ ਖ਼ਿਤਾਬ ਜਿੱਤਣ।

ਹੇਸਨ ਦੇ ਜਾਣ ਤੋਂ ਬਾਅਦ ਅਨਿਲ ਬਣੇ ਕੋਚ

ਪੰਜਾਬ ਫਰੈਂਚਾਈਜ਼ੀ ਦੀ ਤਾਰੀਫ਼ ਕਰਦੇ ਹੋਏ ਲੀ ਨੇ ਕਿਹਾ ਕਿ ਇਹ ਫਰੈਂਚਾਈਜ਼ੀ ਖੇਡਣ ਲਈ ਕਾਫੀ ਚੰਗੀ ਹੈ। ਮੈਂ ਆਪਣਾ ਹੱਥ ਚੁੱਕ ਕੇ ਕਹਿ ਸਕਦਾ ਹਾਂ ਕਿ ਉਸ ਫਰੈਂਚਾਈਜ਼ੀ ਨਾਲ ਖੇਡਣ ਵਿਚ ਕਾਫੀ ਮਜ਼ਾ ਆਇਆ ਸੀ। ਭਾਰਤੀ ਟੀਮ ਦੇ ਸਾਬਕਾ ਕੋਚ ਕੁੰਬਲੇ ਨੂੰ ਮਾਈਕ ਹੇਸਨ ਦੇ ਜਾਣ ਤੋਂ ਬਾਅਦ ਪੰਜਾਬ ਦਾ ਕੋਚ ਬਣਾਇਆ ਗਿਆ ਹੈ। ਹੇਸਨ ਇਸ ਸਾਲ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕੋਚ ਹਨ। ਉਥੇ ਕੁੰਬਲੇ ਆਈਪੀਐੱਲ ਵਿਚ ਕਿਸੇ ਵੀ ਟੀਮ ਦੇ ਮੁੱਖ ਕੋਚ ਨਹੀਂ ਰਹੇ ਹਨ।