ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਫਰਵਰੀ-ਮਾਰਚ ਵਿਚ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਉਤਾਰ ਸਕਦੀ ਹੈ। ਕੁਲਦੀਪ ਨੂੰ ਆਸਟ੍ਰੇਲੀਆ ਦੌਰੇ 'ਤੇ ਇਕ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਕੁਲਦੀਪ ਨੇ ਆਪਣਾ ਪਿਛਲਾ ਟੈਸਟ ਮੈਚ ਭਾਰਤ ਦੇ ਪਿਛਲੇ ਆਸਟ੍ਰੇਲਿਆਈ ਦੌਰੇ 'ਤੇ 2018-19 ਵਿਚ ਖੇਡਿਆ ਸੀ। ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਹੈ ਕਿ ਕੁਲਦੀਪ ਭਾਰਤ ਵਿਚ ਖੇਡਣਗੇ। ਉਨ੍ਹਾਂ ਨੇ ਕਿਹਾ ਕਿ ਕੁਲਦੀਪ ਆਸਟ੍ਰੇਲੀਆ ਵਿਚ ਇਸ ਲਈ ਨਹੀਂ ਖੇਡੇ ਕਿਉਂਕਿ ਟੀਮ ਮੈਨੇਜਮੈਂਟ ਨੇ ਮੈਦਾਨ ਦੇ ਹਿਸਾਬ ਨਾਲ ਖਿਡਾਰੀ ਚੁਣਨ ਦੀ ਰਣਨੀਤੀ ਅਪਣਾਈ ਸੀ। ਅਰੁਣ ਨੇ ਕਿਹਾ ਕਿ ਜੇ ਉਹ ਨਹੀਂ ਖੇਡੇ ਤਾਂ ਠੀਕ ਹੈ ਪਰ ਉਹ ਸਖ਼ਤ ਮਿਹਨਤ ਕਰ ਰਹੇ ਹਨ। ਉਹ ਸ਼ਾਨਦਾਰ ਰਹੇ ਹਨ। ਅਸੀਂ ਪਿੱਚ ਦੇ ਹਿਸਾਬ ਨਾਲ ਖਿਡਾਰੀ ਚੁਣਨ ਦੀ ਰਣਨੀਤੀ ਅਪਣਾਈ ਸੀ। ਧਿਆਨ ਰੱਖੋ ਕਿ ਕੁਲਦੀਪ ਨੂੰ ਜਦ ਖੇਡਣ ਦਾ ਮੌਕਾ ਮਿਲੇਗਾ ਤਾਂ ਉਹ ਦੱਸ ਦੇਣਗੇ ਕਿ ਉਹ ਕੀ ਕਰ ਸਕਦੇ ਹਨ ਕਿਉਂਕਿ ਉਹ ਨੈੱਟਸ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਸਨ।