ਵਿਸ਼ਾਲ ਸ਼੍ਰੇਸ਼ਠ, ਕੋਲਕਾਤਾ : ਇਸ ਸਾਲ ਆਈਪੀਐੱਲ ਹੋਵੇਗਾ ਜਾਂ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਪਰ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਆਈਪੀਐੱਲ ਹੋਣ 'ਤੇ ਵੀ ਕੀ ਇਸ ਵਿਚ ਵਿਦੇਸ਼ੀ ਕ੍ਰਿਕਟਰ ਸ਼ਿਰਕਤ ਕਰ ਸਕਣਗੇ? ਬੀਸੀਸੀਆਈ ਤਾਂ ਵਿਦੇਸ਼ੀ ਕ੍ਰਿਕਟਰਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਹੀ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਜਦ ਵਿਦੇਸ਼ੀ ਖਿਡਾਰੀਆਂ ਨੂੰ 15 ਅਪ੍ਰੈਲ ਤਕ ਵੀਜ਼ਾ ਦੇਣ 'ਤੇ ਰੋਕ ਲਾ ਦਿੱਤੀ ਤਾਂ ਬੀਸੀਸੀਆਈ ਨੇ ਵੀ ਆਈਪੀਐੱਲ ਵਿਚ ਵਿਦੇਸ਼ੀ ਤੜਕਾ ਕਾਇਮ ਰੱਖਣ ਲਈ ਇਸ ਨੂੰ ਵੀ ਉਸੇ ਸਮੇਂ ਤਕ ਲਈ ਮੁਲਤਵੀ ਕਰ ਦਿੱਤਾ। ਆਈਪੀਐੱਲ-13 ਦਾ ਕੀ ਹੋਵੇਗਾ ਇਹ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ ਪਰ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜੇ ਆਈਪੀਐੱਲ ਹੁੰਦਾ ਹੈ ਪਰ ਵਿਦੇਸ਼ੀ ਕ੍ਰਿਕਟਰ ਇਸ ਦਾ ਹਿੱਸਾ ਨਹੀਂ ਬਣਦੇ ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਬਾਲੀਵੁਡ ਸਟਾਰ ਸ਼ਾਹਰੁਖ਼ ਖ਼ਾਨ ਦੀ ਟੀਮ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) 'ਤੇ ਪਵੇਗਾ।

ਮੈਕੁਲਮ ਤੋਂ ਰਸੇਲ ਤਕ ਉਹੀ ਕਹਾਣੀ :

ਬਰੈਂਡਨ ਮੈਕੁਲਮ, ਕ੍ਰਿਸ ਗੇਲ, ਜੈਕ ਕੈਲਿਸ, ਸੁਨੀਲ ਨਾਰਾਇਣ, ਕ੍ਰਿਸ ਲਿਨ ਤੋਂ ਲੈ ਕੇ ਆਂਦਰੇ ਰਸੇਲ ਤਕ। ਕੇਕੇਆਰ 'ਤੇ ਆਈਪੀਐੱਲ ਦੇ ਪਹਿਲੇ ਸੈਸ਼ਨ ਤੋਂ ਹੀ ਵਿਦੇਸ਼ੀ ਖਿਡਾਰੀਆਂ ਦੇ ਯਕੀਨ 'ਤੇ ਚੱਲਣ ਵਾਲੀ ਟੀਮ ਦਾ ਠੱਪਾ ਲੱਗ ਗਿਆ ਸੀ ਜੋ ਕਾਫੀ ਹੱਦ ਤਕ ਸੱਚ ਵੀ ਸਾਬਤ ਹੋਇਆ। ਕੇਕੇਆਰ ਦੇ ਵਿਦੇਸ਼ੀ ਖਿਡਾਰੀ ਜਦ ਜਦ ਚੱਲੇ, ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੋ ਵਾਰ ਟਰਾਫੀ ਵੀ ਜਿੱਤੀ। ਵਿਦੇਸ਼ੀ ਖਿਡਾਰੀਆਂ ਦੇ ਦਬਦਬੇ ਵਾਲੀ ਇਸ ਟੀਮ ਵਿਚ ਸਾਬਕਾ ਕਪਤਾਨ ਗੌਤਮ ਗੰਭੀਰ ਤੇ ਚੋਟੀ ਦੇ ਨੰਬਰ ਦੇ ਬੱਲੇਬਾਜ਼ ਰਾਬਿਨ ਉਥੱਪਾ ਨੂੰ ਛੱਡ ਕੇ ਕੋਈ ਵੀ ਭਾਰਤੀ ਖਿਡਾਰੀ ਆਪਣੀ ਛਾਪ ਨਹੀਂ ਛੱਡ ਸਕਿਆ। ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਰਾਜਸਥਾਨ ਰਾਇਲਜ਼ ਨੂੰ ਪਹਿਲਾ ਆਈਪੀਐੱਲ ਜਿਤਾਉਣ ਵਾਲੇ ਯੂਸਫ਼ ਪਠਾਨ ਵੀ ਨਹੀਂ। ਨਿਤੀਸ਼ ਰਾਣਾ ਪਿਛਲੇ ਸਾਲ ਕੁਝ ਮੈਚਾਂ ਵਿਚ ਚਮਕੇ ਜ਼ਰੂਰ, ਪਰ ਬਾਅਦ ਵਿਚ ਫਿੱਕੇ ਪੈ ਗਏ।

ਇਸ ਵਾਰ ਪੈਟ ਕਮਿੰਸ 'ਤੇ ਵੱਡਾ ਦਾਅ

ਕੇਕੇਆਰ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਖ਼ਰੀਦਣ ਵਿਚ ਪੂਰਾ ਜ਼ੋਰ ਲਾ ਦਿੱਤਾ ।ਕਮਿੰਸ 'ਤੇ ਨਿਲਾਮੀ ਵਿਚ 15.5 ਕਰੋੜ ਰੁਪਏ ਦੀ ਚੰਗੀ ਰਕਮ ਖ਼ਰਚ ਕਰ ਕੇ ਉਸ ਨੂੰ ਆਈਪੀਐੱਲ ਦਾ ਸਭ ਤੋਂ ਮਹਿੰਗਾ ਵਿਦੇਸ਼ੀ ਖਿਡਾਰੀ ਬਣਾ ਦਿੱਤਾ। ਕੇਕੇਆਰ ਨੇ ਇੰਗਲੈਂਡ ਨੂੰ ਪਿਛਲੇ ਸਾਲ 50 ਓਵਰਾਂ ਦਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਇਆਨ ਮਾਰਗਨ ਨੂੰ ਖ਼ਰੀਦਨ ਵਿਚ ਵੀ 5.25 ਕਰੋੜ ਰੁਪਏ ਖ਼ਰਚ ਕਰ ਦਿੱਤੇ। ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨੇ ਕਿਹਾ ਸੀ ਕਿ ਇਹ ਦੋਵੇਂ ਖਿਡਾਰੀ ਟੀਮ ਦੇ ਗੇਮ ਪਲਾਨ ਵਿਚ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ। ਇਸ ਕਾਰਨ ਜੇ ਕਮਿੰਸ-ਮਾਰਗਨ ਨਹੀਂ ਖੇਡ ਸਕੇ ਤਾਂ ਕੇਕੇਆਰ ਦਾ ਸਾਰਾ ਗੇਮ ਪਲਾਨ ਖ਼ਰਾਬ ਹੋ ਸਕਦਾ ਹੈ। ਜੱਗ ਜ਼ਾਹਰ ਹੈ ਕਿ ਇੰਗਲੈਂਡ-ਆਸਟ੍ਰੇਲੀਆ ਦੇ ਖਿਡਾਰੀ ਆਪਣੀ ਸੁਰੱਖਿਆ ਨੂੰ ਲੈ ਕੇ ਸਭ ਤੋਂ ਜ਼ਿਆਦਾ ਚੌਕਸ ਰਹਿੰਦੇ ਹਨ। ਇਸ ਕਾਰਨ ਵੀਜ਼ਾ ਮਿਲਣ 'ਤੇ ਵੀ ਜੇ ਦੋਵਾਂ ਨੇ ਅਸੁਰੱਖਿਆ ਦੀ ਭਾਵਨਾ ਨਾਲ ਭਾਰਤ ਆ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਤਾਂ ਕੇਕੇਆਰ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਪਿਛਲੇ ਦਿਨੀਂ ਹੀ ਇੰਗਲੈਂਡ ਦੀ ਟੀਮ ਸ੍ਰੀਲੰਕਾ ਦਾ ਦੌਰਾ ਰੱਦ ਕਰ ਚੁੱਕੀ ਹੈ। ਅਤੀਤ ਵਿਚ ਦੇਖੀਏ ਤਾਂ ਅਜਿਹੇ ਕਈ ਉਦਾਹਰਣ ਮਿਲਣਗੇ ਜਦ ਇਨ੍ਹਾਂ ਦੋਵਾਂ ਦੇਸ਼ਾਂ ਦੀ ਪੂਰੀ ਟੀਮ ਸੁਰੱਖਿਆ ਕਾਰਨਾਂ ਨਾਲ ਦੂਜੇ ਦੇਸ਼ਾਂ ਵਿਚ ਜਾ ਕੇ ਖੇਡਣ ਤੋਂ ਮਨ੍ਹਾ ਕਰ ਚੁੱਕੀਆਂ ਹਨ।

ਟੀਮ ਇੰਡੀਆ ਦਾ ਵੱਡਾ ਖਿਡਾਰੀ ਨਹੀਂ :

ਬੈਂਗਲੁਰੂ ਕੋਲ ਵਿਰਾਟ ਹੈ, ਚੇਨਈ ਕੋਲ ਧੋਨੀ ਤੇ ਮੁੰਬਈ ਕੋਲ ਰੋਹਿਤ। ਟੀਮ ਇੰਡੀਆ ਦੇ ਰੈਗੁਲਰ ਖਿਡਾਰੀ ਬਾਕੀ ਟੀਮਾਂ ਦਾ ਹਿੱਸਾ ਹਨ। ਕੇਕੇਆਰ ਹੀ ਅਜਿਹੀ ਟੀਮ ਹੈ ਜਿਸ ਵਿਚ ਟੀਮ ਇੰਡੀਆ ਦਾ ਕੋਈ ਰੈਗੂਲਰ ਖਿਡਾਰੀ ਨਹੀਂ ਹੈ। ਸਪਿੰਨਰ ਕੁਲਦੀਪ ਯਾਦਵ ਦੀ ਗੱਲ ਕਰੀਏ ਤਾਂ ਉਹ ਵੀ ਖ਼ਰਾਬ ਲੈਅ ਕਾਰਨ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਦੇ ਰੈਗੂਲਰ ਮੈਂਬਰ ਨਹੀਂ ਰਹੇ ਹਨ। ਕੁਲਦੀਪ ਦਾ ਕੇਕੇਆਰ ਵੱਲੋਂ ਪਿਛਲੇ ਸਾਲ ਪ੍ਰਦਰਸ਼ਨ ਵੀ ਕਾਫੀ ਨਿਰਾਸ਼ਾਜਨਕ ਰਿਹਾ ਸੀ ਤੇ ਉਨ੍ਹਾਂ ਨੂੰ ਜ਼ਿਆਦਾ ਮੁਕਾਬਲੇ ਖੇਡਣ ਦਾ ਮੌਕਾ ਹੀ ਨਹੀਂ ਮਿਲਿਆ ਸੀ।

ਕੈਰੇਬਿਆਈ ਖਿਡਾਰੀਆਂ 'ਤੇ ਜ਼ਿਆਦਾ ਨਿਰਭਰਤਾ

ਇਸ ਨੂੰ ਇਤਫ਼ਾਕ ਕਹੋ ਜਾਂ ਕੁਝ ਹੋਰ, ਕੇਕੇਆਰ ਸ਼ੁਰੂ ਤੋਂ ਹੀ ਕੈਰੇਬਿਆਈ ਖਿਡਾਰੀਆਂ 'ਤੇ ਨਿਰਭਰ ਰਹੀ ਹੈ। ਪਹਿਲਾਂ ਕ੍ਰਿਸ ਗੇਲ ਤੇ ਸੁਨੀਲ ਨਾਰਾਇਣ ਤੇ ਹੁਣ ਆਂਦਰੇ ਰਸੇਲ। ਕੇਕੇਆਰ ਦਾ ਸਪਿੰਨ ਮਹਿਕਮਾ ਅਜੇ ਵੀ ਨਾਰਾਇਣ 'ਤੇ ਜ਼ਿਆਦਾ ਨਿਰਭਰ ਹੈ ਤੇ ਟੀਮ ਨੇ ਉਨ੍ਹਾਂ ਨੂੰ ਰਿਟੇਨ ਕੀਤਾ ਹੋਇਆ ਹੈ ਜਦਕਿ ਰਸੇਲ ਟੀਮ ਦੀ ਬੱਲੇਬਾਜ਼ੀ ਦੀ ਰੀੜ੍ਹ ਬਣ ਚੁੱਕੇ ਹਨ।