ਨਵੀਂ ਦਿੱਲੀ (ਪੀਟੀਆਈ) : ਵਿਰਾਟ ਕੋਹਲੀ ਅਗਲੇ ਸਾਲ ਜਨਵਰੀ ਵਿਚ ਪਿਤਾ ਬਣਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਖੇਡ ਤੇ ਪਿਤਾ ਦੀਆਂ ਜ਼ਿੰਮੇਵਾਰੀਆਂ ਵਿਚਾਲੇ ਸੰਤੁਲਨ ਬਣਾਉਣ ਲਈ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀ ਕਾਮ ਤੋਂ ਸਿੱਖਿਆ ਲੈਣਾ ਚਾਹੁੰਦੇ ਹਨ। ਭਾਰਤੀ ਕਪਤਾਨ ਨੇ ਕਿਹਾ ਕਿ ਉਹ ਦਿੱਗਜ ਮੁੱਕੇਬਾਜ਼ ਤੇ ਚਾਰ ਬੱਚਿਆਂ ਦੀ ਮਾਂ ਮੈਰੀ ਕਾਮ ਦੇ ਦੱਸੇ ਗਏ ਰਾਹ 'ਤੇ ਤੁਰਨਾ ਚਾਹੁੰਦੇ ਹਨ। ਕੋਹਲੀ ਨੇ ਮੈਰੀ ਕਾਮ ਨਾਲ ਇੰਸਟਾਗ੍ਰਾਮ ਚੈਟ ਵਿਚ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਮਾਤਾ-ਪਿਤਾ ਦੀ ਭੂਮਿਕਾ ਤੇ ਰੁੱਝੇ ਕਰੀਅਰ ਵਿਚਾਲੇ ਸੰਤੁਲਨ ਬਣਾਉਣ ਬਾਰੇ ਗੱਲ ਕਰਨ ਲਈ ਤੁਹਾਡੇ ਤੋਂ ਬਿਹਤਰ ਕੋਈ ਹੋਰ ਹੋ ਸਕਦਾ ਹੈ। ਕੋਹਲੀ ਨੇ ਮੈਰੀਕਾਮ ਤੋਂ ਪੁੱਛਿਆ ਕਿ ਤੁਸੀਂ ਇਕ ਮਾਂ ਹੋ। ਤੁਸੀਂ ਅਭਿਆਸ, ਇੰਨੀਆਂ ਜ਼ਿਆਦਾ ਚੈਂਪੀਅਨਸ਼ਿਪਾਂ ਵਿਚ ਹਿੱਸਾ ਲੈਣਾ, ਇਹ ਸਭ ਕਿਵੇਂ ਕੀਤਾ। ਤੁਸੀਂ ਕਿਵੇਂ ਸੰਤੁਲਨ ਬਣਾਇਆ। ਮੈਰੀਕਾਮ ਨੇ ਜਵਾਬ ਦਿੱਤਾ ਕਿ ਮੇਰੇ ਪਰਿਵਾਰ ਖ਼ਾਸ ਕਰ ਕੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ।