ਏਂਟੀਗਾ (ਏਐੱਨਆਈ) : ਭਾਰਤੀ ਟੀਮ ਵੀਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿਚ ਪਹਿਲੀ ਵਾਰ ਨੰਬਰ ਵਾਲੀ ਜਰਸੀ ਪਹਿਨ ਕੇ ਉਤਰੇਗੀ। ਭਾਰਤੀ ਟੀਮ ਦੇ ਕੁਝ ਮੈਂਬਰਾਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀਆਂ-ਆਪਣੀਆਂ ਨੰਬਰ ਵਾਲੀਆਂ ਜਰਸੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ। ਕਪਤਾਨ ਵਿਰਾਟ ਕੋਹਲੀ 18 ਨੰਬਰ ਵਾਲੀ ਜਰਸੀ ਵਿਚ ਨਜ਼ਰ ਆਉਣਗੇ। ਸੋਸ਼ਲ ਮੀਡੀਆ 'ਤੇ ਜਾਰੀ ਹੋਈ ਨਵੀਂ ਟੈਸਟ ਜਰਸੀ ਵਿਚ ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ ਤੇ ਮਯੰਕ ਅੱਗਰਵਾਲ ਇਹ ਜਰਸੀ ਪਹਿਨਦੇ ਹੋਏ ਦਿਖਾਈ ਦਿੱਤੇ ਹਨ। ਕੋਹਲੀ ਤੋਂ ਇਲਾਵਾ ਅਜਿੰਕੇ ਰਹਾਣੇ (03), ਰੋਹਿਤ (45), ਰਿਸ਼ਭ ਪੰਤ (17), ਜਡੇਜਾ (08), ਮੁਹੰਮਦ ਸ਼ਮੀ (11), ਪੁਜਾਰਾ (25), ਇਸ਼ਾਂਤ ਸ਼ਰਮਾ (97), ਰਵੀਚੰਦਰਨ ਅਸ਼ਵਿਨ (99), ਮਯੰਕ (14), ਕੁਲਦੀਪ ਯਾਦਵ (23) ਤੇ ਹਨੂਮਾ ਵਿਹਾਰੀ (44) ਨੰਬਰ ਵਾਲੀ ਜਰਸੀ ਵਿਚ ਦਿਖਾਈ ਦੇਣਗੇ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੈਸਟ ਵਿਚ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਇਸ ਫਾਰਮੈਟ ਵਿਚ ਵੀ ਨੰਬਰ ਵਾਲੀ ਜਰਸੀ ਨੂੰ ਲਾਗੂ ਕੀਤਾ ਹੈ।