ਮੁੰਬਈ (ਪੀਟੀਆਈ) : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਪਾਕਿਸਤਾਨ ਖ਼ਿਲਾਫ਼ 2012 ਏਸ਼ੀਆ ਕੱਪ ਵਿਚ ਵਿਰਾਟ ਕੋਹਲੀ ਵੱਲੋਂ ਖੇਡੀ ਗਈ 183 ਦੌੜਾਂ ਦੀ ਪਾਰੀ ਨੂੰ ਤਿੰਨਾਂ ਫਾਰਮੈਟਾਂ ਵਿਚ ਭਾਰਤੀ ਕਪਤਾਨ ਦੀ ਸਭ ਤੋਂ ਸ਼ਾਨਦਾਰ ਪਾਰੀ ਕਰਾਰ ਦਿੱਤਾ। ਢਾਕਾ ਵਿਚ ਜਿੱਤ ਲਈ 330 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਕੋਹਲੀ ਨੇ 148 ਗੇਂਦਾਂ ਦੀ ਪਾਰੀ ਵਿਚ 22 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 183 ਦੌੜਾਂ ਬਣਾ ਕੇ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਦਿਵਾਈ ਸੀ। ਇਸ ਮੈਚ ਵਿਚ ਖ਼ਾਤਾ ਖੋਲ੍ਹਣ ਵਿਚ ਨਾਕਾਮ ਰਹੇ ਗੰਭੀਰ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਤਿੰਨਾਂ ਫਾਰਮੈਟਾਂ ਵਿਚ ਸ਼ਾਨਦਾਰ ਪਾਰੀਆਂ ਖੇਡੀਆਂ ਹਨ, ਪਰ ਇਹ (183) ਹਰ ਨਜ਼ਰੀਏ ਨਾਲ ਉਨ੍ਹਾਂ ਦੀ ਸਭ ਤੋਂ ਸ਼ਾਨਦਾਰ ਪਾਰੀ ਹੈ। ਅਸੀਂ 330 ਦੌੜਾਂ ਦਾ ਪਿੱਛਾ ਕਰ ਰਹੇ ਸੀ ਤੇ ਭਾਰਤੀ ਟੀਮ ਨੇ ਖ਼ਾਤਾ ਖੋਲ੍ਹੇ ਬਿਨਾਂ ਵਿਕਟ ਗੁਆ ਦਿੱਤੀ ਸੀ। ਉਸ ਸਮੇਂ ਉਹ ਇੰਨੇ ਤਜਰਬੇਕਾਰ ਵੀ ਨਹੀਂ ਸਨ ਤੇ ਫਿਰ 330 ਵਿਚੋਂ ਇਕੱਲੇ 183 ਦੌੜਾਂ ਬਣਾਉਣਾ ਬਹੁਤ ਖ਼ਾਸ ਸੀ। ਉਸ ਮੈਚ ਵਿਚ ਪਾਕਿਸਤਾਨ ਕੋਲ ਮੁਹੰਮਦ ਹਫ਼ੀਜ਼, ਉਮਰ ਗੁਲ, ਏਜਾਜ਼ ਅਹਿਮਦ, ਸ਼ਾਹਿਦ ਅਫ਼ਰੀਦੀ ਤੇ ਵਹਾਬ ਰਿਆਜ਼ ਵਰਗੇ ਤਜਰਬੇਕਾਰ ਗੇਂਦਬਾਜ਼ ਸਨ। ਕੋਹਲੀ ਨੇ ਪਾਕਿਸਤਾਨੀ ਹਮਲੇ ਦੀਆਂ ਧੱਜੀਆਂ ਉਡਾਅ ਦਿੱਤੀਆਂ ਸਨ। ਗੰਭੀਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸ਼ਾਇਦ ਇਹ 183 ਦੌੜਾਂ ਦੀ ਪਾਰੀ ਕੋਹਲੀ ਦੀਆਂ ਸਭ ਤੋਂ ਵੱਡੀਆਂ ਪਾਰੀਆਂ ਵਿਚੋਂ ਇਕ ਹੈ।