ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਦੇ ਦਿੱਗਜ ਬੱਲੇਬਾਜ਼ਾਂ ਵਿਚ ਸ਼ਾਮਲ ਸੁਨੀਲ ਗਾਵਸਕਰ ਨੇ ਕਿਹਾ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਟੀਮ ਬਣਾਉਣ ਦਾ ਮਾਣ ਮਿਲਣਾ ਚਾਹੀਦਾ ਹੈ।

ਗਾਵਸਕਰ ਨੇ ਸਹਿਯੋਗੀ ਅਖ਼ਬਾਰ ਮਿਡ-ਡੇ ਵਿਚ ਆਪਣੇ ਕਾਲਮ ਵਿਚ ਲਿਖਿਆ ਕਿ ਭਾਰਤੀ ਟੀਮ ਦੇ ਅੰਦਰ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਦਾ ਚੰਗਾ ਸਿਸਟਮ ਹੈ, ਖ਼ਾਸ ਕਰ ਕੇ ਘਰੇਲੂ ਮੈਚਾਂ ਵਿਚ। ਜਿਵੇਂ ਕਿ ਭਾਰਤ ਵਿਚ ਹੋਣ ਵਾਲੇ ਘਰੇਲੂ ਮੈਚਾਂ ਵਿਚ ਹੁੰਦਾ ਹੈ ਕਿ ਦੋਵੇਂ ਟੀਮਾਂ ਇਕ ਹੀ ਜਹਾਜ਼ ਵਿਚ ਜਾਂਦੀਆਂ ਹਨ। ਜਹਾਜ਼ ਵਿਚ ਟੀਵੀ ਰੂਮ ਵੀ ਹੁੰਦਾ ਹੈ।

ਬਿਜ਼ਨਸ ਕਲਾਸ ਵਿਚ ਸੀਮਤ ਸੀਟਾਂ ਹੁੰਦੀਆਂ ਹਨ ਜੋ ਟੀਮ ਦੇ ਕਪਤਾਨ, ਕੋਚ ਤੇ ਮੈਨੇਜਰ ਨੂੰ ਮਿਲਦੀਆਂ ਹਨ। ਜੋ ਖਿਡਾਰੀ ਚੰਗਾ ਪ੍ਰਦਰਸ਼ਨ ਕਰਦੇ ਹਨ ਉਨ੍ਹਾਂ ਨੂੰ ਐਵਾਰਡ ਵਜੋਂ ਇਨ੍ਹਾਂ ਸੀਟਾਂ 'ਤੇ ਬੈਠਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਲਿਖਿਆ ਕਿ ਧੋਨੀ ਸ਼ਾਇਦ ਹੀ ਕਦੀ ਬਿਜ਼ਨਸ ਕਲਾਸ ਵਿਚ ਬੈਠੇ ਹੋਣ। ਤਦ ਵੀ ਜਦ ਉਹ ਕਪਤਾਨ ਸਨ। ਉਹ ਹਮੇਸ਼ਾ ਟੀਵੀ ਕਵਰੇਜ ਵਾਲੀ ਟੀਮ ਦੇ ਨਾਲ ਬੈਠਣਾ ਪਸੰਦ ਕਰਦੇ ਹਨ। ਸਾਬਕਾ ਕਪਤਾਨ ਨੇ ਕਿਹਾ ਕਿ ਕੋਹਲੀ ਵੀ ਇਕਾਨਮੀ ਕਲਾਸ ਵਿਚ ਬੈਠਦੇ ਹਨ। ਉਨ੍ਹਾਂ ਨੇ ਆਪਣੀ ਸੀਟ ਗੇਂਦਬਾਜ਼ਾਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਦਿਨੀਂ ਸਮਾਪਤ ਹੋਏ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ।