ਡਰਹਮ (ਪੀਟੀਆਈ) : ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ-ਅਜਿੰਕੇ ਰਹਾਣੇ ਤੋਂ ਇਲਾਵਾ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਕਾਊਂਟੀ ਇਲੈਵਨ (ਕਾਊਂਟੀ ਸਿਲੈਕਟ ਇਲੈਵਨ) ਖ਼ਿਲਾਫ਼ ਤਿੰਨ ਦਿਨਾ ਪਹਿਲਾ ਦਰਜਾ ਅਭਿਆਸ ਮੈਚ ਲਈ ਟੀਮ ਦਾ ਹਿੱਸਾ ਨਹੀਂ ਹਨ। ਮੰਗਲਵਾਰ ਨੂੰ ਸ਼ੁਰੂ ਹੋਏ ਮੁਕਾਬਲੇ ਵਿਚ ਕੋਹਲੀ ਤੇ ਰਹਾਣੇ ਦੀ ਗ਼ੈਰਮੌਜੂਦਗੀ ਵਿਚ ਰੋਹਿਤ ਸ਼ਰਮਾ ਟੀਮ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮੁਕਾਬਲੇ ਵਿਚ ਭਾਰਤ ਦੇ ਰਿਜ਼ਰਵ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਤੇ ਸਪਿੰਨਰ ਵਾਸ਼ਿੰਗਟਨ ਸੁੰਦਰ ਵਿਰੋਧੀ ਟੀਮ ਵੱਲੋਂ ਖੇਡ ਰਹੇ ਹਨ। ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਮੈਚ ਖੇਡਣ ਦਾ ਮੌਕਾ ਦੇਣ ਲਈ ਦੋਵਾਂ ਟੀਮਾਂ ਦੀ ਸਹਿਮਤੀ ਨਾਲ ਅਜਿਹਾ ਕੀਤਾ ਗਿਆ। ਜ਼ਿਕਰਯੋਗ ਹੈ ਕਿ 1987 ਵਿਚ ਪਾਕਿਸਤਾਨ ਦੇ ਭਾਰਤ ਦੌਰੇ ਦੌਰਾਨ 14 ਸਾਲ ਦੇ ਸਚਿਨ ਤੇਂਦੁਲਕਰ ਨੂੰ ਬ੍ਰੇਬੋਰਨ ਸਟੇਡੀਅਮ ਵਿਚ ਭਾਰਤ ਖ਼ਿਲਾਫ਼ ਮੈਚ ਦੌਰਾਨ ਇਮਰਾਨ ਖ਼ਾਨ ਦੀ ਟੀਮ ਵੱਲੋਂ ਰਿਜ਼ਰਵ ਫੀਲਡਰ ਦੇ ਰੂਪ ਵਿਚ ਉਤਾਰਿਆ ਗਿਆ ਸੀ। ਇੰਗਲੈਂਡ ਖ਼ਿਲਾਫ਼ ਚਾਰ ਅਗਸਤ ਤੋਂ ਸ਼ੁਰੂ ਹੋਣ ਵਾਲੇ ਨਾਟਿੰਘਮ ਟੈਸਟ ਵਿਚ ਮਯੰਕ ਅਗਰਵਾਲ ਨਾਲ ਰੋਹਿਤ ਸ਼ਰਮਾ ਦੇ ਪਾਰੀ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਆਖ਼ਰੀ ਇਲੈਵਨ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ ਮੁਹੰਮਦ ਸਿਰਾਜ ਤੇ ਉਮੇਸ਼ ਯਾਦਵ ਵੀ ਇਸ ਮੁਕਾਬਲੇ ਨਾਲ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ। ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਨੂੰ ਵੀ ਇਸ ਮੈਚ ਵਿਚ ਆਰਾਮ ਦਿੱਤਾ ਗਿਆ ਹੈ। ਭਾਰਤੀ ਟੀਮ ਦਾ ਪਿਛਲੇ ਲਗਭਗ 10 ਸਾਲਾਂ 'ਚ ਇਹ ਪਹਿਲਾ ਫਰਸਟ ਕਲਾਸ ਮੁਕਾਬਲਾ ਹੈ। ਰੈਗੂਲਰ ਵਿਕਟਕੀਪਰ ਰਿਸ਼ਭ ਪੰਤ ਤੇ ਰਿੱਧੀਮਾਨ ਸਾਹਾ ਕੁਆਰੰਟਾਈਨ ਵਿਚ ਹਨ ਤੇ ਇਸ ਕਾਰਨ ਲੋਕੇਸ਼ ਰਾਹੁਲ ਵਿਕਟਾਂ ਦੇ ਪਿੱਛੇ ਮੋਰਚਾ ਸੰਭਾਲਣਗੇ। ਉਹ ਤੇ ਮੱਧ ਕ੍ਰਮ ਦੇ ਬੱਲੇਬਾਜ਼ ਹਨੂਮਾ ਵਿਹਾਰੀ ਵੀ ਬੱਲੇ ਨਾਲ ਬਿਹਤਰ ਪ੍ਰਦਰਸ਼ਨ ਕਰ ਕੇ ਟੀਮ ਵਿਚ ਆਪਣੀ ਦਾਅਵੇਦਾਰੀ ਪੇਸ਼ ਕਰਨਾ ਚਾਹੁਣਗੇ।

ਕਾਊਂਟੀ ਇਲੈਵਨ ਖ਼ਿਲਾਫ਼ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਲੋਕੇਸ਼ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।