ਜੇਐਨਐਨ, ਨਵੀਂ ਦਿੱਲੀ : World's Largest Cricket Stadium: ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣ ਕੇ ਤਿਆਰ ਹੈ, ਜਿਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਗੁਜਰਾਤ ਦੇ ਅਹਿਮਦਾਬਾਦ ਦੇ ਮੋਟੇਰਾ ਵਿਚ ਬਣੇ ਇਸ ਸਟੇਡੀਅਮ ਦਾ ਕੰਮ ਜਨਵਰੀ 2020 ਵਿਚ ਖ਼ਤਮ ਹੋ ਜਾਵੇਗਾ। ਉਸ ਤੋਂ ਬਾਅਦ ਇਸ ਵਿਸ਼ਾਲ ਕ੍ਰਿਕਟ ਸਟੇਡੀਅਮ ਵਿਚ ਅੰਤਰਰਾਸ਼ਟਰੀ ਮੈਚ ਕਰਾਇਆ ਜਾ ਸਕਦਾ ਹੈ। ਉਧਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿਚ ਉਦਘਾਟਨ ਮੈਚ ਕਰਾਉਣ ਦੀ ਤਿਆਰੀ ਕਰ ਲਈ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਸਰਦਾਰ ਪਟੇਲ ਸਟੇਡੀਅਮ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਜੋ ਜਾਵੇਗਾ। ਬੀਸੀਸੀਆਈ ਇਸ ਸਟੇਡੀਅਮ ਵਿਚ ਅੰਤਰਰਾਸ਼ਟਰੀ ਮੈਚ ਤੋਂ ਠੀਕ ਪਹਿਲਾਂ ਇਕ ਵੱਡਾ ਉਦਘਾਟਨੀ ਸਮਾਗਮ ਰੱਖੇਗੀ। ਇਸ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਅੰਗਰੇਜ਼ੀ ਵੈਬਸਾਈਟ ਮੁਤਾਬਕ, ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਿਚ ਪਹਿਲਾ ਮੈਚ Asia XI ਅਤੇ World XI ਵਿਚ ਮਾਰਚ 2020 ਵਿਚ ਖੇਡਿਆ ਜਾਵੇਗਾ ਜੋ ਟੀ20 ਇੰਟਰਨੈਸ਼ਨਲ ਮੈਚ ਹੋਵੇਗਾ। ਇਸ ਗੱਲ ਲਈ ਬੀਸੀਸੀਆਈ ਨੇ ਆਈਸੀਸੀ ਨੂੰ ਰਾਜ਼ੀ ਕਰ ਲਿਆ ਹੈ।


ਗੌਰਤਲਬ ਹੈ ਕਿ ਮੋਟੇਰਾ ਦੇ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦਾ ਉਦਘਾਟਨ 1982 ਵਿਚ ਹੋਇਆ ਸੀ, ਜਿਸ ਤੋਂ ਬਾਅਦ ਇਥੇ 12 ਟੈਸਟ ਅਤੇ 24 ਵਨਡੇ ਇੰਟਰਨੈਸ਼ਨਲ ਮੈਚ ਖੇਡੇ ਜਾ ਚੁੱਕੇ ਹਨ ਪਰ ਹੁਣ ਇਸ ਨੂੰ 700 ਕਰੋੜ ਰੁਪਏ ਦੀ ਲਾਗਤ ਨਾਲ 63 ਏਕੜ ਜ਼ਮੀਨ 'ਤੇ ਤੋੜ ਕੇ ਮੁੜ ਤੋਂ ਤਿਆਰ ਕੀਤਾ ਗਿਆ ਹੈ। ਇਸ ਦੀ ਰੂਪ ਰੇਖਾ ਉਸ ਕੰਪਨੀ ਨੇ ਤਿਆਰ ਕੀਤੀ ਹੈ ਜਿਸ ਨੇ ਦਹਾਕੇ ਪਹਿਲਾਂ ਮੈਲਬਰਨ ਕ੍ਰਿਕਟ ਮੈਦਾਨ ਨੂੰ ਤਿਆਰ ਕੀਤਾ ਸੀ।

Posted By: Tejinder Thind