ਦੁਬਈ (ਪੀਟੀਆਈ) : ਭਾਰਤੀ ਕ੍ਰਿਕਟਰ ਲੋਕੇਸ਼ ਰਾਹੁਲ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਦੀ ਬੱਲੇਬਾਜ਼ਾਂ ਦੀ ਸੂਚੀ ਵਿਚ ਆਪਣਾ ਦੂਜਾ ਸਥਾਨ ਕਾਇਮ ਰੱਖਿਆ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਦੇ ਫ਼ਾਇਦੇ ਨਾਲ ਛੇਵੇਂ ਸਥਾਨ 'ਤੇ ਪੁੱਜ ਗਏ ਹਨ। ਰਾਹੁਲ 816 ਅੰਕਾਂ ਨਾਲ ਇੰਗਲੈਂਡ ਦੇ ਡੇਵਿਡ ਮਲਾਨ (915) ਤੋਂ ਪਿੱਛੇ ਹਨ ਜੋ ਆਪਣੇ ਚੋਟੀ ਦੇ ਸਥਾਨ 'ਤੇ ਡਟੇ ਹੋਏ ਹਨ ਜਦਕਿ ਕੋਹਲੀ ਦੇ 697 ਅੰਕ ਹਨ।

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (801) ਇਕ ਸਥਾਨ ਉੱਪਰ ਤੀਜੇ ਸਥਾਨ 'ਤੇ ਪੁੱਜ ਗਏ ਹਨ ਜਦਕਿ ਆਸਟ੍ਰੇਲੀਆ ਦੇ ਚਿੱਟੀ ਗੇਂਦ ਦੇ ਕਪਤਾਨ ਆਰੋਨ ਫਿੰਚ (788) ਚੌਥੇ ਸਥਾਨ 'ਤੇ ਖਿਸਕ ਗਏ। ਦੱਖਣੀ ਅਫਰੀਕਾ ਦੇ ਵੇਨ ਡੇਰ ਡੁਸੇਨ (700) ਵੀ ਸੂਚੀ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਪੰਜਵੇਂ ਸਥਾਨ 'ਤੇ ਪੁੱਜ ਗਏ ਹਨ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਸਥਾਨਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ਤੋਂ ਬਾਅਦ ਅਪਡੇਟ ਹੋਈ ਰੈਂਕਿੰਗ ਵਿਚ ਕਾਫੀ ਤਬਦੀਲੀ ਹੋਈ ਹੈ।

ਨਿਊਜ਼ੀਲੈਂਡ ਦੇ ਡਵੇਨ ਕਾਨਵੇ ਨੇ ਸ਼ੁਰੂਆਤੀ ਮੈਚ ਵਿਚ ਅਜੇਤੂ 99 ਦੌੜਾਂ ਬਣਾਈਆਂ ਸਨ ਜਿਸ ਨਾਲ ਉਹ 46 ਸਥਾਨ ਦੇ ਫ਼ਾਇਦੇ ਨਾਲ ਸਿਰਫ਼ ਅੱਠ ਮੈਚਾਂ ਤੋਂ ਬਾਅਦ ਹੀ 17ਵੇਂ ਸਥਾਨ 'ਤੇ ਜਦਕਿ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ 97 ਦੌੜਾਂ ਦੀ ਪਾਰੀ ਦੇ ਦਮ 'ਤੇ ਤਿੰਨ ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ 'ਤੇ ਪੁੱਜੇ। ਆਸਟ੍ਰੇਲੀਆ ਦੇ ਮਾਰਕਸ ਸਟੋਈਨਿਸ 77 ਸਥਾਨ ਦੀ ਛਾਲ ਨਾਲ 110ਵੇਂ, ਜਦਕਿ ਮੈਥਿਊ ਵੇਡ 118ਵੇਂ ਨੰਬਰ 'ਤੇ ਹਨ।

ਚੋਟੀ ਦੇ ਪੰਜ ਗੇਂਦਬਾਜ਼ਾਂ 'ਚ ਕੋਈ ਤਬਦੀਲੀ ਨਹੀਂ

ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ ਦੇ ਪੰਜ ਖਿਡਾਰੀਆਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ ਜਿਸ ਵਿਚ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ (736) ਸਿਖਰ 'ਤੇ ਹਨ। ਟਾਪ-10 ਗੇਂਦਬਾਜ਼ਾਂ ਵਿਚ ਕੋਈ ਭਾਰਤੀ ਸ਼ਾਮਲ ਨਹੀਂ ਹੈ। ਨਿਊਜ਼ੀਲੈਂਡ ਦੇ ਟਿਮ ਸਾਊਥੀ ਛੇਵੇਂ, ਮਿਸ਼ੇਲ ਸੈਂਟਨਰ ਸੱਤਵੇਂ, ਈਸ਼ ਸੋਢੀ 11ਵੇਂ ਤੇ ਟ੍ਰੇਂਟ ਬੋਲਟ 49ਵੇਂ ਸਥਾਨ 'ਤੇ ਪੁੱਜ ਗਏ ਹਨ। ਆਸਟ੍ਰੇਲੀਆ ਦੇ ਝਾਏ ਰਿਚਰਡਸਨ ਨੇ 115 ਵੇਂ ਸਥਾਨ ਨਾਲ ਸੂਚੀ ਵਿਚ ਦੁਬਾਰਾ ਪ੍ਰਵੇਸ਼ ਕੀਤਾ ਹੈ।

Posted By: Sunil Thapa