ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਕਿ੍ਰਕਟ ਟੀਮ ਦੇ ਓਪਨਰ ਕੇਐੱਲ ਰਾਹੁਲ ਸੱਟ ਲੱਗਣ ਕਾਰਨ ਇੰਗਲੈਂਡ ਦੌਰੇ ’ਤੇ ਨਹੀਂ ਜਾ ਸਕੇ ਹਨ। ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ’ਚ ਖੇਡੀ ਗਈ ਟੀ-20 ਸੀਰੀਜ਼ ਲਈ ਉਸ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਉਹ ਪਹਿਲੇ ਮੈਚ ਤੋਂ ਇਕ ਦਿਨ ਪਹਿਲਾਂ ਜ਼ਖਮੀ ਹੋ ਗਿਆ। ਕੇਐੱਲ ਰਾਹੁਲ ਸੱਟ ਦੇ ਇਲਾਜ ਲਈ ਜਰਮਨੀ ਪਹੁੰਚ ਗਿਆ ਹੈ।

ਭਾਰਤੀ ਟੀਮ ਦੇ ਓਪਨਰ ਇਕ ਵਾਰ ਫਿਰ ਸੱਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਸੁਰੂ ਹੋਣ ਤੋਂ ਠੀਕ ਪਹਿਲਾਂ ਉਸ ਨੂੰ ਸੱਟ ਲੱਗ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਹ ਪੁਨਰਵਾਸ ਲਈ ਬੈਂਗਲੁਰੂ ਦੀ ਨੈਸ਼ਨਲ ਕਿ੍ਰਕਟ ਅਕੈਡਮੀ ’ਚ ਰਹਿਣਗੇ ਪਰ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਜਰਮਨੀ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ।

ਰਾਹੁਲ ਨੂੰ ਕਮਰ ’ਤੇ ਸੱਟ ਲੱਗੀ ਹੈ, ਜਿਸ ਨੂੰ ਠੀਕ ਹੋਣ ’ਚ ਸਮਾਂ ਲੱਗੇਗਾ। ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ 1 ਮਹੀਨੇ ਤਕ ਇੱਥੇ ਆਪਣਾ ਇਲਾਜ ਕਰਵਾਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਭਾਰਤੀ ਟੀਮ ਵੈਸਟਇੰਡੀਜ਼ ਨਾਲ ਸੀਰੀਜ਼ ਲਈ ਵਿਦੇਸ਼ੀ ਦੌਰਾ ਕਰੇਗੀ ਤਾਂ ਉਹ ਟੀਮ ਦਾ ਹਿੱਸਾ ਹੋਵੇਗਾ। ਜਰਮਨੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦਿਆਂ ਆਪਣੇ ਚਾਹੁਣ ਵਾਲਿਆਂ ਤੋਂ ਜਲਦੀ ਸਿਹਤਮੰਦ ਹੋ ਕੇ ਵਾਪਸੀ ਲਈ ਪ੍ਰਸ਼ੰਸਕਾਂ ਕੋਲੋਂ ਸ਼ੱੁਭਕਾਮਨਾਵਾਂ ਮੰਗੀਆਂ ਹਨ।

Posted By: Harjinder Sodhi