ਅਹਿਮਦਾਬਾਦ (ਪੀਟੀਆਈ) : ਜੇਤੂ ਲੈਅ ਕਾਇਮ ਰੱਖਣ ਲਈ ਬੇਤਾਬ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਬੱਲੇਬਾਜ਼ਾਂ ਦੀ ਵੀਰਵਾਰ ਨੂੰ ਇੱਥੇ ਆਈਪੀਐੱਲ ਮੈਚ ਵਿਚ ਦਿੱਲੀ ਕੈਪੀਟਲਜ਼ ਦੀ ਮਜ਼ਬੂਤ ਟੀਮ ਨਾਲ ਟੱਕਰ ਹੋਵੇਗੀ। ਕੇਕੇਆਰ ਸ਼ੁਰੂ ਤੋਂ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਪਰੇਸ਼ਾਨ ਹੈ। ਉਸ ਦੇ ਸ਼ਾਨਦਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੌੜਾਂ ਬਣਾਉਣ ਲਈ ਜੂਝ ਰਹੇ ਹਨ। ਉਨ੍ਹਾਂ ਨੇ ਹੁਣ ਤਕ ਛੇ ਮੈਚਾਂ ਵਿਚ ਸਿਰਫ਼ 89 ਦੌੜਾਂ ਬਣਾਈਆਂ ਹਨ।

ਕੇਕੇਆਰ ਦਾ ਗੇਂਦਬਾਜ਼ੀ ਵਿਭਾਗ ਖ਼ਾਸ ਕਰ ਕੇ ਸਪਿੰਨਰ ਸੁਨੀਲ ਨਰੇਨ ਤੇ ਵਰੁਣ ਚੱਕਰਵਰਤੀ ਵਿਰੋਧੀ ਟੀਮ ਦੇ ਬੱਲੇਬਾਜ਼ਾਂ 'ਤੇ ਰੋਕ ਲਾਉਣ ਵਿਚ ਨਾਕਾਮ ਰਹੇ ਹਨ ਪਰ ਚੋਟੀ ਦੇ ਬੱਲੇਬਾਜ਼ਾਂ ਦੀ ਨਾਕਾਮੀ ਉਸ ਨੂੰ ਕਾਫੀ ਨੁਕਸਾਨ ਪਹੁੰਚਾ ਰਹੀ ਹੈ। ਪੰਜਾਬ ਕਿੰਗਜ਼ ਖ਼ਿਲਾਫ਼ ਪਿਛਲੇ ਮੈਚ ਵਿਚ 124 ਦੌੜਾਂ ਦੇ ਸੌਖੇ ਟੀਚੇ ਸਾਹਮਣੇ ਕੇਕੇਆਰ ਦੇ ਚੋਟੀ ਦੇ ਬੱਲੇਬਾਜ਼ ਜਲਦੀ ਆਊਟ ਹੋ ਗਏ ਤੇ ਉਸ ਦਾ ਸਕੋਰ ਤਿੰਨ ਵਿਕਟਾਂ 'ਤੇ 17 ਦੌੜਾਂ ਹੋ ਗਿਆ। ਇਸ ਤੋਂ ਬਾਅਦ ਕਪਤਾਨ ਇਆਨ ਮਾਰਗਨ ਨੇ ਜ਼ਿੰਮੇਵਾਰੀ ਸੰਭਾਲੀ ਤੇ ਟੀਮ ਦੇ ਚਾਰ ਮੈਚਾਂ ਤੋਂ ਚੱਲੇ ਆ ਰਹੇ ਹਾਰ ਦੇ ਸਿਲਸਲੇ ਨੂੰ ਤੋੜਿਆ।

ਦਿੱਲੀ ਕੈਪੀਟਲਜ਼ ਕੋਲ ਸ਼ਿਖਰ ਧਵਨ (265 ਦੌੜਾਂ), ਪਿ੍ਰਥਵੀ ਸ਼ਾਅ, ਸਟੀਵ ਸਮਿਥ ਤੇ ਕਪਤਾਨ ਰਿਸ਼ਭ ਪੰਤ ਵਰਗੇ ਬੱਲੇਬਾਜ਼ ਹਨ ਤੇ ਇਨ੍ਹਾਂ ਦੀ ਬਰਾਬਰੀ ਕਰਨ ਲਈ ਕੇਕੇਆਰ ਦੇ ਬੱਲੇਬਾਜ਼ਾਂ ਨੂੰ ਵਾਧੂ ਕੋਸ਼ਿਸ਼ ਕਰਨੀ ਪਵੇਗੀ। ਮਾਰਗਨ ਨੂੰ ਇਸ ਲਈ ਸਭ ਤੋਂ ਪਹਿਲਾਂ ਗਿੱਲ ਦੀ ਲੈਅ ਬਾਰੇ ਸੋਚਣਾ ਪਵੇਗਾ ਜਿਨ੍ਹਾਂ ਨੇ ਹੁਣ ਤਕ 15, 33, 21, 00, 11 ਤੇ ਨੌਂ ਦੌੜਾਂ ਬਣਾਈਆਂ ਹਨ। ਇਸ ਕਾਰਨ ਗਿੱਲ ਨੂੰ ਮੱਧ ਕ੍ਰਮ ਵਿਚ ਭੇਜ ਕੇ ਰਾਹੁਲ ਤਿ੍ਪਾਠੀ ਨਾਲ ਸੁਨੀਲ ਨਰੇਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਣਾ ਗ਼ਲਤ ਫ਼ੈਸਲਾ ਨਹੀਂ ਹੋਵੇਗਾ। ਦਿੱਗਜ ਸੁਨੀਲ ਗਾਵਸਕਰ ਵੀ ਅਜਿਹਾ ਸੁਝਾਅ ਦੇ ਚੁੱਕੇ ਹਨ।

ਦਿੱਲੀ ਦੀ ਟੀਮ ਕੋਲ ਹੈ ਮਜ਼ਬੂਤ ਗੇਂਦਬਾਜ਼ੀ

ਦਿੱਲੀ ਨੂੰ ਪਿਛਲੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਦੀ ਟੀਮ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚਾਰ ਵਿਕਟਾਂ 'ਤੇ 92 ਦੌੜਾਂ ਦੇ ਸਕੋਰ 'ਤੇ ਸੰਘਰਸ਼ ਕਰ ਰਹੀ ਸੀ। ਸ਼ਿਮਰੋਨ ਹੇਟਮਾਇਰ ਤੇ ਪੰਤ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਸਥਿਤੀ ਸੰਭਾਲੀ ਪਰ ਆਖ਼ਰੀ ਗੇਂਦ ਤਕ ਚੱਲੇ ਰੋਮਾਂਚ ਵਿਚ ਦਿੱਲੀ ਨੂੰ ਹਾਰ ਸਹਿਣੀ ਪਈ। ਇਸ ਮੈਚ ਵਿਚ ਹੇਟਮਾਇਰ ਤੇ ਆਂਦਰੇ ਰਸੇਲ ਵਿਚਾਲੇ ਵੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਰਸੇਲ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 22 ਗੇਂਦਾਂ 'ਤੇ 54 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਇਲਾਵਾ ਉਹ ਆਪਣਾ ਜਲਵਾ ਦਿਖਾਉਣ ਵਿਚ ਨਾਕਾਮ ਰਹੇ ਹਨ। ਰਵੀਚੰਦਰਨ ਅਸ਼ਵਿਨ ਦੇ ਹਟ ਜਾਣ ਦੇ ਬਾਵਜੂਦ ਦਿੱਲੀ ਦੀ ਗੇਂਦਬਾਜ਼ੀ ਮਜ਼ਬੂਤ ਹੈ ਤੇ ਇਸ਼ਾਂਤ ਸ਼ਰਮਾ, ਕੈਗਿਸੋ ਰਬਾਦਾ, ਆਵੇਸ਼ ਖ਼ਾਨ, ਤਜਰਬੇਕਾਰ ਅਮਿਤ ਮਿਸ਼ਰਾ ਤੇ ਅਕਸ਼ਰ ਪਟੇਲ ਦੇ ਸਾਹਮਣੇ ਕੇਕੇਆਰ ਦੇ ਬੱਲੇਬਾਜ਼ਾਂ ਦਾ ਸਖ਼ਤ ਇਮਤਿਹਾਨ ਹੋਵੇਗਾ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਦਿੱਲੀ ਕੈਪੀਟਲਜ਼

ਰਿਸ਼ਭ ਪੰਤ (ਕਪਤਾਨ), ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਅਜਿੰਕੇ ਰਹਾਣੇ, ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਈਨਿਸ, ਕ੍ਰਿਸ ਵੋਕਸ, ਸ਼ਮਸ ਮੁਲਤਾਨੀ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਣ ਦੁਬੇ, ਕੈਗਿਸੋ ਰਬਾਦਾ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ, ਆਵੇਸ਼ ਖ਼ਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਾਲ ਪਟੇਲ, ਵਿਸ਼ਨੂੰ ਵਿਨੋਦ, ਲੁਕਮਾਨ ਮੈਰੀਵਾਲਾ, ਐੱਮ ਸਿਧਾਰਥ, ਟਾਮ ਕੁਰਨ, ਸੈਮ ਬਿਲਿੰਗਜ਼ ਤੇ ਅਨਿਰੁੱਧ ਜੋਸ਼ੀ।

ਕੋਲਕਾਤਾ ਨਾਈਟ ਰਾਈਡਰਜ਼

ਇਆਨ ਮਾਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿੱਲ, ਨਿਤਿਸ਼ ਰਾਣਾ, ਟਿਮ ਸੇਫਰਟ, ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਰੇਨ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫਰਗਿਊਸਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੰਦੀਪ ਵਾਰੀਅਰ, ਪ੍ਰਸਿੱਧ ਕ੍ਰਿਸ਼ਨਾ, ਰਾਹੁਲ ਤਿ੍ਪਾਠੀ, ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ, ਸ਼ੇਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੁਣ ਨਾਇਰ, ਬੇਨ ਕਟਿੰਗ, ਵੈਂਕਟੇਸ਼ ਅਈਅਰ ਤੇ ਪਵਨ ਨੇਗੀ।