ਨਵੀਂ ਦਿੱਲੀ (ਜੇਐੱਨਐੱਨ) : ਦਿੱਲੀ ਕੈਪੀਟਲਜ਼ ਦੇ ਤਜਰਬੇਕਾਰ ਸਪਿੰਨਰ ਰਵੀਚੰਦਰਨ ਅਸ਼ਵਿਨ, ਕੇਕੇਆਰ ਦੇ ਕਪਤਾਨ ਇਆਨ ਮਾਰਗਨ ਤੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਵਿਚਾਲੇ ਮੰਗਲਵਾਰ ਨੂੰ ਆਈਪੀਐੱਲ ਮੈਚ ਦੌਰਾਨ ਮੈਦਾਨ 'ਤੇ ਹੀ ਬਹਿਸ ਹੁੰਦੀ ਹੋਈ ਨਜ਼ਰ ਆਈ। ਸਾਥੀ ਖਿਡਾਰੀਆਂ ਤੇ ਅੰਪਾਇਰਾਂ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ। ਇਸ ਘਟਨਾ ਦਾ ਵੀਡੀਓ ਇੰਟਰਨੈੱਟ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ। ਇਹ ਮਾਮਲਾ 20ਵੇਂ ਓਵਰ ਦਾ ਹੈ ਜਦ ਅਸ਼ਵਿਨ ਨੇ ਸਾਊਥੀ ਦੀ ਗੇਂਦ 'ਤੇ ਸਕੁਆਇਰ ਲੈੱਗ ਦੀ ਦਿਸ਼ਾ ਵਿਚ ਸ਼ਾਟ ਲਾਇਆ। ਗੇਂਦ ਹਵਾ ਵਿਚ ਕਾਫੀ ਉੱਪਰ ਚਲੀ ਗਈ ਤੇ ਨਿਤਿਸ਼ ਰਾਣਾ ਨੇ ਕੈਚ ਫੜ ਲਿਆ। ਇਸ ਤੋਂ ਬਾਅਦ ਸਾਊਥੀ ਤੇ ਅਸ਼ਵਿਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਅਸਲ ਵਿਚ ਅਸ਼ਵਿਨ ਜਦ ਆਊਟ ਹੋਏ ਤਾਂ ਸਾਊਥੀ ਨੇ ਉਨ੍ਹਾਂ ਨੂੰ ਕੁਝ ਕਿਹਾ ਜਿਸ ਤੋਂ ਬਾਅਦ ਅਸ਼ਵਿਨ ਨੇ ਉਨ੍ਹਾਂ ਨੂੰ ਜਵਾਬ ਦਿੱਤਾ। ਥੋੜ੍ਹੀ ਦੇਰ ਵਿਚ ਮਾਰਗਨ ਵੀ ਅਸ਼ਵਿਨ ਨੂੰ ਕੁਝ ਕਹਿੰਦੇ ਨਜ਼ਰ ਆਏ। ਤਦ ਅਸ਼ਵਿਨ ਬਹੁਤ ਤੇਜ਼ੀ ਨਾਲ ਮਾਰਗਨ ਵੱਲ ਅੱਗੇ ਵਧਣ ਲੱਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਦੂਜੇ ਪਾਸੇ ਬੱਲੇਬਾਜ਼ੀ ਕਰ ਰਹੇ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਵੀ ਮਾਰਗਨ ਵੱਲ ਵਧਦੇ ਨਜ਼ਰ ਆਏ ਪਰ ਤੁਰੰਤ ਹੀ ਕੇਕਆਰ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਉਥੇ ਆ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਅੰਪਾਇਰ ਵੀ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ 'ਚ ਲੱਗੇ ਰਹੇ। ਇਸ ਵਿਚਾਲੇ ਦਿੱਲੀ ਦੇ ਕੋਚ ਰਿੱਕੀ ਪੋਂਟਿੰਗ ਵੀ ਮੈਦਾਨ 'ਚ ਆ ਗਏ ਤੇ ਅੰਪਾਇਰ ਨਾਲ ਗੱਲ ਕਰਨ ਲੱਗੇ। ਇਸ ਮਾਮਲੇ ਕਾਰਨ ਮੈਚ ਲਗਭਗ ਪੰਜ ਮਿੰਟ ਤਕ ਰੁਕਿਆ ਰਿਹਾ।

ਕੇਕੇਆਰ ਦੇ ਕਪਤਾਨ ਨੂੰ ਕੀਤਾ ਜ਼ੀਰੋ 'ਤੇ ਆਊਟ

ਵਿਵਾਦ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਗੇਂਦਬਾਜ਼ੀ ਦੌਰਾਨ ਕੇਕੇਆਰ ਦੇ ਕਪਤਾਨ ਇਆਨ ਮਾਰਗਨ ਤੋਂ ਬਦਲਾ ਲਿਆ। ਮਾਰਗਨ ਨੂੰ ਅਸ਼ਵਿਨ ਨੇ ਜ਼ੀਰੋ 'ਤੇ ਆਊਟ ਕੀਤਾ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਹਮਲਾਵਰ ਜਸ਼ਨ ਮਨਾਇਆ।

Posted By: Jatinder Singh