ਹੈਮਿਲਟਨ (ਪੀਟੀਆਈ) : ਸੋਫੀ ਡੇਵਾਈਨ ਨੇ ਅਰਧ ਸੈਂਕੜਾ ਲਾਉਣ ਤੋਂ ਬਾਅਦ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਇਆ ਜਿਸ ਨਾਲ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤੀ ਮਹਿਲਾ ਟੀਮ ਨੂੰ ਦੋ ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਸਲਾਮੀ ਬੱਲੇਬਾਜ਼ ਡੇਵਾਈਨ ਨੇ 52 ਗੇਂਦਾਂ ਵਿਚ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 161 ਦੌੜਾਂ ਬਣਾਈਆਂ। ਕਪਤਾਨ ਐਮੀ ਸੈਟਰਥਵੇਟ ਨੇ 31, ਜਦਕਿ ਤਜਰਬੇਕਾਰ ਸਲਾਮੀ ਬੱਲੇਬਾਜ਼ ਸੂਜ਼ੀ ਬੇਟਸ ਨੇ 24 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਮਾਨਸੀ ਜੋਸ਼ੀ, ਰਾਧਾ ਯਾਦਵ, ਅਰੁੰਧਤੀ ਰੈੱਡੀ ਤੇ ਪੂਨਮ ਯਾਦਵ ਨੂੰ ਇਕ-ਇਰ ਵਿਕਟ ਮਿਲੀ। ਜਵਾਬ ਵਿਚ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਦੇ ਕਰੀਅਰ ਦੀ ਸਰਬੋਤਮ 86 ਦੌੜਾਂ ਦੀ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਚਾਰ ਵਿਕਟਾਂ 'ਤੇ 159 ਦੌੜਾਂ ਹੀ ਬਣਾ ਸਕੀ। ਆਖ਼ਰੀ ਓਵਰਾਂ ਵਿਚ ਤਜਰਬੇਕਾਰ ਮਿਤਾਲੀ ਰਾਜ (ਅਜੇਤੂ 24, 20 ਗੇਂਦਾਂ) ਤੇ ਦੀਪਤੀ ਸ਼ਰਮਾ (ਅਜੇਤੂ 21, 16 ਗੇਂਦਾਂ) ਭਾਰਤ ਨੂੰ ਜਿੱਤ ਦਿਵਾਉਣ ਵਿਚ ਨਾਕਾਮ ਰਹੀਆਂ। ਡੇਵਾਈਨ ਨਿਊਜ਼ੀਲੈਂਡ ਦੀ ਸਭ ਤੋਂ ਸਫ਼ਲ ਗੇਂਦਬਾਜ਼ ਰਹੀ ਜਿਨ੍ਹਾਂ ਨੇ ਚਾਰ ਓਵਰਾਂ ਵਿਚ 21 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਨ ਉਤਰੇ ਭਾਰਤ ਨੂੰ ਸਮਿ੍ਤੀ ਨੇ ਇਕ ਵਾਰ ਮੁੜ ਧਮਾਕੇਦਾਰ ਸ਼ੁਰੂਆਤ ਦਿਵਾਈ। ਸਮਿ੍ਤੀ ਨੇ ਲੀਆ ਤਾਹੁਹੂ 'ਤੇ ਚੌਕੇ ਨਾਲ ਖ਼ਾਤਾ ਖੋਲਿ੍ਹਆ ਤੇ ਫਿਰ ਅੰਨਾ ਪੀਟਰਸਨ ਦੀਆਂ ਲਗਾਤਾਰ ਗੇਂਦਾਂ 'ਤੇ ਚੌਕਾ ਤੇ ਛੱਕਾ ਲਾਇਆ। ਸਮਿ੍ਤੀ ਨੇ ਤੀਜੇ ਓਵਰ ਵਿਚ ਆਫ ਸਪਿੰਨਰ ਲੇ ਕਾਸਪੇਰੇਕ (1/37) 'ਤੇ ਵੀ ਲਗਾਤਾਰ ਦੋ ਚੌਕੇ ਮਾਰੇ। ਸਲਾਮੀ ਬੱਲੇਬਾਜ਼ ਪਿ੍ਆ ਪੂਨੀਆ ਲਗਾਤਾਰ ਤੀਜੀ ਪਾਰੀ ਵਿਚ ਨਾਕਾਮ ਰਹੀ ਤੇ ਸਿਰਫ਼ ਇਕ ਦੌੜ ਬਣਾਉਣ ਤੋਂ ਬਾਅਦ ਕਾਸਪੇਰੇਕ ਦੀ ਗੇਂਦ ਨੂੰ ਅੱਗੇ ਵਧ ਕੇ ਖੇਡਣ ਦੀ ਕੋਸ਼ਿਸ਼ ਵਿਚ ਖੁੰਝ ਗਈ ਤੇ ਵਿਕਟਕੀਪਰ ਕੇਟੇ ਮਾਰਟਿਨ ਨੇ ਉਨ੍ਹਾਂ ਨੂੰ ਸਟੰਪ ਕਰਨ ਵਿਚ ਕੋਈ ਗ਼ਲਤੀ ਨਹੀਂ ਕੀਤੀ। ਮੌਜੂਦਾ ਸੀਰੀਜ਼ ਵਿਚ ਉਹ 04, 04 ਤੇ 01 ਦੌੜਾਂ ਦੀਆਂ ਪਾਰੀਆਂ ਨਾਲ ਨੌਂ ਦੌੜਾਂ ਹੀ ਬਣਾ ਸਕੀ ਹੈ।

ਸਮਿ੍ਤੀ ਨੂੰ ਇਸ ਤੋਂ ਬਾਅਦ ਜੇਮੀਮਾ ਰਾਡਰਿਗਜ਼ (21) ਦੇ ਰੂਪ ਵਿਚ ਸ਼ਾਨਦਾਰ ਜੋੜੀਦਾਰ ਮਿਲਿਆ। ਸਮਿ੍ਤੀ ਨੇ ਪੀਟਰਸਨ 'ਤੇ ਲਗਾਤਾਰ ਦੋ ਚੌਕਿਆਂ ਨਾਲ ਛੇਵੇਂ ਓਵਰ ਵਿਚ ਟੀਮ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚਾਇਆ। ਉਨ੍ਹਾਂ ਨੇ ਡੇਵਾਈਨ ਦੀ ਗੇਂਦ 'ਤੇ ਇਕ ਦੌੜ ਨਾਲ 33 ਗੇਂਦਾਂ ਵਿਚ ਸੀਰੀਜ਼ ਦਾ ਆਪਣਾ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਜੇਮੀਮਾ ਹਾਲਾਂਕਿ ਇਸ ਓਵਰ ਵਿਚ ਮਿਡਆਨ 'ਤੇ ਕਪਤਾਨ ਸੈਟਰਥਵੇਟ ਨੂੰ ਕੈਚ ਦੇ ਕੇ ਪਵੇਲੀਅਨ ਮੁੜ ਗਈ ਜਿਸ ਨਾਲ ਸਮਿ੍ਤੀ ਨਾਲ ਉਨ੍ਹਾਂ ਦੀ 47 ਦੌੜਾਂ ਦੀ ਭਾਈਵਾਲੀ ਦਾ ਅੰਤ ਹੋਇਆ। ਸਮਿ੍ਤੀ ਨੇ ਹਾਲਾਂਕਿ ਦੂਜੇ ਪਾਸੇ ਹਮਲਾਵਰ ਤੇਵਰ ਜਾਰੀ ਰੱਖੇ। ਉਨ੍ਹਾਂ ਨੇ 10ਵੇਂ ਓਵਰ ਵਿਚ ਲੈੱਗ ਸਪਿੰਨਰ ਅਮੇਲੀਆ ਕੇਰ (1/26) 'ਤੇ ਤਿੰਨ ਚੌਕਿਆਂ ਨਾਲ 15 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਤਿੰਨ ਗੇਂਦਾਂ ਵਿਚ ਦੋ ਦੌੜਾਂ ਬਣਾਉਣ ਤੋਂ ਬਾਅਦ ਪੀਟਰਸਨ ਨੂੰ ਕੈਚ ਦੇ ਬੈਠੀ। ਸਮਿ੍ਤੀ ਨੂੰ ਇਸ ਤੋਂ ਬਾਅਦ ਸੀਰੀਜ਼ ਵਿਚ ਆਪਣਾ ਪਹਿਲਾ ਮੈਚ ਖੇਡ ਰਹੀ ਵਨ ਡੇ ਟੀਮ ਦੀ ਕਪਤਾਨ ਤਜਰਬੇਕਾਰ ਮਿਤਾਲੀ ਰਾਜ ਦਾ ਸਾਥ ਮਿਲਿਆ। ਭਾਰਤ ਨੂੰ ਆਖ਼ਰੀ ਪੰਜ ਓਵਰਾਂ ਵਿਚ ਜਿੱਤ ਲਈ 39 ਦੌੜਾਂ ਦੀ ਲੋੜ ਸੀ। ਭਾਰਤ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦ ਸਮਿ੍ਤੀ ਨੇ ਡੇਵਾਈਨ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਗੇਂਦ ਹਵਾ ਵਿਚ ਲਹਿਰਾ ਦਿੱਤੀ ਤੇ ਤਾਹੁਹੂ ਨੇ ਇਸ ਨੂੰ ਫੜਨ ਵਿਚ ਕੋਈ ਗ਼ਲਤੀ ਨਹੀਂ ਕੀਤੀ। ਦੀਪਤੀ ਨੇ ਕੇਰ 'ਤੇ ਛੱਕੇ ਨਾਲ ਗੇਂਦ ਤੇ ਦੌੜਾਂ ਵਿਚਾਲੇ ਵਧਦੇ ਫ਼ਰਕ ਨੂੰ ਕੁਝ ਘੱਟ ਕੀਤਾ। ਕਾਸਪੇਰੇਕ ਦੇ ਪਾਰੀ ਦੇ 18ਵੇਂ ਓਵਰ ਵਿਚ ਸਿਰਫ਼ ਪੰਜ ਦੌੜਾਂ ਬਣੀਆਂ ਜਿਸ ਨਾਲ ਭਾਰਤ ਨੂੰ ਆਖ਼ਰੀ ਦੋ ਓਵਰਾਂ ਵਿਚ ਜਿੱਤ ਲਈ 23 ਦੌੜਾਂ ਦੀ ਲੋੜ ਸੀ। ਡੇਵਾਈਨ ਦੇ ਅਗਲੇ ਓਵਰ ਵਿਚ ਸਿਰਫ਼ ਸੱਤ ਦੌੜਾਂ ਬਣੀਆਂ। ਭਾਰਤ ਨੂੰ ਆਖ਼ਰੀ ਛੇ ਗੇਂਦਾਂ 'ਤੇ 16 ਦੌੜਾਂ ਦੀ ਲੋੜ ਸੀ। ਮਿਤਾਲੀ ਦੇ ਦੀਪਤੀ ਨੇ ਕਾਸਪੇਰੇਕ ਦੇ ਓਵਰ ਵਿਚ ਇਕ-ਇਕ ਚੌਕਾ ਮਾਰਿਆ ਪਰ ਇਸ ਦੇ ਬਾਵਜੂਦ 13 ਦੌੜਾਂ ਹੀ ਬਣਾ ਸਕੀਆਂ।