ਮੁੰਬਈ (ਪੀਟੀਆਈ) : ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਆਈਪੀਐੱਲ ਵਿਚ ਜਿੱਤ ਦੀ ਰਾਹ 'ਤੇ ਮੁੜਨ ਲਈ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਦੇ ਮਜ਼ਬੂਤ ਬੱਲੇਬਾਜ਼ੀ ਹਮਲੇ ਸਾਹਮਣੇ ਗੇਂਦਬਾਜ਼ੀ ਵਿਚ ਸੁਧਾਰ ਕਰ ਕੇ ਉਤਰਨਾ ਪਵੇਗਾ। ਚੇਨਈ ਨੂੰ ਪਹਿਲੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਸੱਤ ਵਿਕਟਾਂ ਨਾਲ ਹਰਾਇਆ ਸੀ ਜਦਕਿ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ ਚਾਰ ਦੌੜਾਂ ਨਾਲ ਮਾਤ ਦਿੱਤੀ। ਵਾਨਖੇੜੇ ਸਟੇਡੀਅਮ 'ਤੇ ਤਰੇਲ ਦੀ ਭੂਮਿਕਾ ਨੂੰ ਧਿਆਨ ਵਿਚ ਰੱਖਦੇ ਹੋਏ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। ਚੇਨਈ ਨੇ ਇੱਥੇ ਪਹਿਲੇ ਮੈਚ ਵਿਚ ਸੱਤ ਵਿਕਟਾਂ 'ਤੇ 188 ਦੌੜਾਂ ਬਣਾਈਆਂ ਸਨ ਜਿਸ ਵਿਚ ਸੁਰੇਸ਼ ਰੈਨਾ ਨੇ 54, ਮੋਇਨ ਅਲੀ ਨੇ 36 ਤੇ ਸੈਮ ਕੁਰਨ ਨੇ 34 ਦੌੜਾਂ ਦਾ ਯੋਗਦਾਨ ਦਿੱਤਾ ਸੀ। ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ, ਫਾਫ ਡੁਪਲੇਸਿਸ ਤੇ ਧੋਨੀ ਉਸ ਮੈਚ ਵਿਚ ਨਹੀਂ ਚੱਲ ਸਕੇ ਸਨ। ਉਸ ਤੋਂ ਬਾਅਦ ਚੇਨਈ ਦੇ ਗੇਂਦਬਾਜ਼ ਵੱਡਾ ਸਕੋਰ ਵੀ ਨਹੀਂ ਬਚਾ ਸਕੇ। ਸ਼ਿਖਰ ਧਵਨ ਤੇ ਪਿ੍ਰਥਵੀ ਸ਼ਾਅ ਨੇ ਦਿੱਲੀ ਲਈ 138 ਦੌੜਾਂ ਦੀ ਭਾਈਵਾਲੀ ਕਰ ਕੇ ਮੈਚ ਆਸਾਨੀ ਨਾਲ ਜਿੱਤਿਆ। ਦੀਪਕ ਚਾਹਰ, ਸੈਮ ਕੁਰਨ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ ਤੇ ਮੋਇਨ ਅਲੀ ਸਾਰਿਆਂ ਨੇ ਬਹੁਤ ਦੌੜਾਂ ਦਿੱਤੀਆਂ। ਹੁਣ ਯੋਗ ਕਪਤਾਨ ਧੋਨੀ 'ਤੇ ਦਾਰੋਮਦਾਰ ਹੋਵੇਗਾ ਕਿ ਇਸ ਹਾਰ ਦੇ ਸਦਮੇ ਤੋਂ ਨਿਕਲ ਕੇ ਟੀਮ ਨੂੰ ਚੰਗੇ ਪ੍ਰਦਰਸ਼ਨ ਲਈ ਪ੍ਰਰੇਰਿਤ ਕਰਨ। ਉਨ੍ਹਾਂ ਨੂੰ ਇਸ ਲਈ ਮੋਰਚੇ ਤੋਂ ਅਗਵਾਈ ਕਰਨੀ ਪਵੇਗੀ।

ਰਾਜਸਥਾਨ ਹੱਥੋਂ ਵਾਲ-ਵਾਲ ਬਚੀ ਪੰਜਾਬ ਦੀ ਟੀਮ :

ਦੂਜੇ ਪਾਸੇ ਪੰਜਾਬ ਕਿੰਗਜ਼ ਪਹਿਲੇ ਮੈਚ ਵਿਚ ਛੇ ਵਿਕਟਾਂ 'ਤੇ 221 ਦੌੜਾਂ ਬਣਾਉਣ ਦੇ ਬਾਵਜੂਦ ਰਾਇਲਜ਼ ਹੱਥੋਂ ਹਾਰ ਤੋਂ ਵਾਲ-ਵਾਲ ਬਚੀ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਤਰੇ ਕੇਐੱਲ ਰਾਹੁਲ ਨੇ 50 ਗੇਂਦਾਂ ਵਿਚ 91 ਦੌੜਾਂ ਬਣਾਈਆਂ ਜਦਕਿ ਕ੍ਰਿਸ ਗੇਲ ਨੇ 28 ਗੇਂਦਾਂ ਵਿਚ 40 ਤੇ ਦੀਪਕ ਹੁੱਡਾ ਨੇ 28 ਗੇਂਦਾਂ ਵਿਚ 64 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਲਈ ਚਿੰਤਾ ਦਾ ਸਬੱਬ ਉਨ੍ਹਾਂ ਦੀ ਬੱਲੇਬਾਜ਼ੀ ਨਹੀਂ ਬਲਕਿ ਗੇਂਦਬਾਜ਼ੀ ਹੈ। ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਪਹਿਲੇ ਮੈਚ ਵਿਚ 63 ਗੇਦਾਂ 'ਤੇ 119 ਦੌੜਾਂ ਬਣਾ ਕੇ ਇਕੱਲੇ ਦਮ 'ਤੇ ਹੀ ਜਿੱਤ ਦਿਵਾ ਦੇਣੀ ਸੀ ਪਰ ਉਹ ਚਾਰ ਦੌੜਾਂ ਤੋਂ ਖੁੰਝ ਗਏ। ਨੌਜਵਾਨ ਅਰਸ਼ਦੀਪ ਸਿੰਘ ਨੇ ਆਖ਼ਰੀ ਓਵਰ ਵਿਚ ਉਨ੍ਹਾਂ ਨੂੰ 13 ਦੌੜਾਂ ਨਹੀਂ ਬਣਾਉਣ ਦਿੱਤੀਆਂ ਤੇ ਸਿਰਫ਼ ਅੱਠ ਦੌੜਾਂ ਨਾਲ ਟੀਮ ਨੂੰ ਜਿੱਤ ਦਿਵਾਈ। ਮੁਹੰਮਦ ਸ਼ਮੀ ਨੇ ਵੀ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਪਰ ਝਾਇ ਰਿਚਰਡਸਨ ਤੇ ਰਿਲੇ ਮੇਰੇਡਿਥ ਮਹਿੰਗੇ ਸਾਬਤ ਹੋਏ। ਦੋਵਾਂ 'ਤੇ ਟੀਮ ਨੇ ਕੁੱਲ 22 ਕਰੋੜ ਰੁਪਏ ਖ਼ਰਚ ਕੀਤੇ ਹਨ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਚੇਨਈ ਸੁਪਰ ਕਿੰਗਜ਼ :

ਮਹਿੰਦਰ ਸਿੰਘ ਧੋਨੀ (ਕਪਤਾਨ), ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਕੇਐੱਮ ਆਸਿਫ਼, ਦੀਪਕ ਚਾਹਰ, ਡਵੇਨ ਬਰਾਵੋ, ਫਾਫ ਡੁਪਲੇਸਿਸ, ਇਮਰਾਨ ਤਾਹਿਰ, ਐੱਨ ਜਗਦੀਸਨ, ਕਰਨ ਸ਼ਰਮਾ, ਲੁੰਗੀ ਨਗੀਦੀ, ਮਿਸ਼ੇਲ ਸੈਂਟਨਰ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਸੈਮ ਕੁਰਨ, ਆਰ ਸਾਈ ਕਿਸ਼ੋਰ, ਮੋਇਨ ਅਲੀ, ਕੇ ਗੌਤਮ, ਚੇਤੇਸ਼ਵਰ ਪੁਜਾਰਾ, ਹਰੀਸ਼ੰਕਰ ਰੈੱਡੀ, ਭਗਤ ਵਰਮਾ, ਸੀ ਹਰੀ ਨਿਸ਼ਾਂਤ।

ਪੰਜਾਬ ਕਿੰਗਜ਼ :

ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਮਨਦੀਪ ਸਿੰਘ, ਪ੍ਰਭਸਿਮਰਨ ਸਿੰਘ, ਨਿਕੋਲਸ ਪੂਰਨ, ਸਰਫ਼ਰਾਜ਼ ਖ਼ਾਨ, ਦੀਪਕ ਹੁੱਡਾ, ਮੁਰੂਗਨ ਅਸ਼ਵਿਨ, ਰਵੀ ਬਿਸ਼ਨੋਈ, ਹਰਪ੍ਰਰੀਤ ਬਰਾੜ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਇਸ਼ਾਨ ਪੋਰੇਲ, ਦਰਸ਼ਨ ਨਲਕੰਡੇ, ਕ੍ਰਿਸ ਜਾਰਡਨ, ਡੇਵਿਡ ਮਲਾਨ, ਝਾਇ ਰਿਚਰਡਸਨ, ਸ਼ਾਹਰੁਖ਼ ਖ਼ਾਨ, ਰਿਲੇ ਮੇਰੇਡਿਥ, ਮੋਇਜੇਸ ਹੈਨਰਿਕਸ ਜਲਜ ਸਕਸੈਨਾ, ਉਤਕਰਸ਼ ਸਿੰਘ, ਫੇਬੀਅਨ ਏਲੇਨ ਤੇ ਸੌਰਭ ਕੁਮਾਰ।